ਪੱਤਰ ਪ੍ਰੇਰਕ
ਬਠਿੰਡਾ, 23 ਸਤੰਬਰ
ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਵਿਚ ਵਾਪਰੇ ਘਟਨਾਕ੍ਰਮ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਬਠਿੰਡਾ ਵੱਲੋਂ ਮੰਦਭਾਗਾ ਕਰਾਰ ਦਿੱਤਾ ਗਿਆ। ਜਥੇਬੰਦੀ ਦੀ ਪੜਤਾਲ ਕਮੇਟੀ ਇਸ ਸਿੱਟੇ ’ਤੇ ਪੁੱਜੀ ਕਿ ਇਸ ਲਈ ਪੰਜਾਬ ਸਰਕਾਰ ਦੀ ਸਮਾਰਟ ਸਕੂਲ ਪਾਲਸੀ ਦੀ ਨੀਤੀ (60:40) ਜ਼ਿੰਮੇਵਾਰ ਹੈ। ਦੂਸਰਾ ਮੁੱਖ ਕਾਰਨ ਉਪ ਜਿਲ੍ਹਾ ਸਿੱਖਿਆ ਅਫਸਰ ਵੱਲੋ ਘਟਨਾਕ੍ਰਮ ਵਾਪਰਨ ਦੇ ਦੋ ਹਫ਼ਤੇ ਪਹਿਲਾਂ ਆਪਣੀ ਸਰਦਾਰਗੜ੍ਹ ਦੇ ਸਕੂਲ ਦੀ ਅਚਨਚੇਤੀ ਚੈਕਿੰਗ ਵਿੱਚ ਸਾਰਾ ਮਾਮਲਾ ਧਿਆਨ ਵਿੱਚ ਆਉਣ ਦੇ ਬਾਵਜੂਦ ਕੋਈ ਪੁਖਤਾ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਦੀ ਬਦਲੀ ਡੀ.ਪੀ.ਆਈ.ਸੈਕੰਡਰੀ ਸਿੱਖਿਆ ਵੱਲੋਂ ਸਕੂਲ ਸਟਾਫ ਅਤੇ ਮੁੱਖ ਅਧਿਆਪਕਾ ਨਾਲ ਦੁਰਵਿਹਾਰ ਕਰਨ ਦੇ ਦੋਸ਼ਾਂ ਤਹਿਤ ਬਿਨਾਂ ਵਿਭਾਗੀ ਪੜਤਾਲ ਦੇ ਆਧਾਰ ’ਤੇ ਪਿੰਡ ਮੂੰਮ ਵਿਖੇ ਕਰਨਾ ਸਰਾਸਰ ਧੱਕੇਸ਼ਾਹੀ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਕੁਲਦੀਪ ਸਿੰਘ ਦੀ ਧੱਕੇਸ਼ਾਹੀ ਨਾਲ ਕੀਤੀ ਅੰਤਰ ਜ਼ਿਲਾ ਬਦਲੀ ਰੱਦ ਕਰਵਾਉਣ ਲਈ ਜੱਥੇਬੰਦਕ ਸੰਘਰਸ਼ ਵਿੱਢਿਆ ਜਾਵੇਗਾ ਤੇ 30 ਸਤੰਬਰ ਨੂੰ ਜਿਲ੍ਹਾ ਪੱਧਰੀ ਧਰਨਾ ਮਿੰਨੀ ਸਕੱਤਰੇਤ ਸਾਹਮਣੇ ਅੰਬੇਡਕਰ ਪਾਰਕ ਵਿੱਚ ਦਿੱਤਾ ਜਾਵੇਗਾ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਹਰਿਮੰਦਰ ਗਿੱਲ, ਬਲਜਿੰਦਰ ਕੌਰ ਸ਼ਾਮਲ ਸਨ।