ਸ਼ਗਨ ਕਟਾਰੀਆ
ਬਠਿੰਡਾ, 3 ਦਸੰਬਰ
9 ਨਵੰਬਰ ਤੋਂ ਇਥੇ ਧਰਨੇ ’ਤੇ ਬੈਠੇ ‘ਠੇਕਾ ਮੁਲਾਜ਼ਮ ਕੰਪਿਊਟਰ ਅਪ੍ਰੇਟਰ ਸੰਘਰਸ਼ ਕਮੇਟੀ’ ਦੇ ਕਾਰਕੁਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਮੁੜ ਨੌਕਰੀ ’ਤੇ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਨਿਰੰਤਰ ਜਾਰੀ ਰਹੇਗਾ। ਧਰਨਾਕਾਰੀਆਂ ਨੇ ਅੱਜ ਧਰਨਾ ਸਥਾਨ ਤੋਂ ਭਾਈ ਘਨੱਈਆ ਚੌਕ ਤੱਕ ਰੋਸ ਮਾਰਚ ਕਰਕੇ ਸਰਕਾਰ ਦਾ ‘ਘੜਾ ਭੰਨ’ ਕੇ ਰੋਸ ਜਿਤਾਇਆ। ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਤੇ ਮੀਤ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਵਰਕੌਮ ਵਿੱਚ ਪੇਸਕੋ ਕੰਪਨੀ ਰਾਹੀਂ ਕੰਪਿਊਟਰ ਅਪਰੇਟਰ ਵਜੋਂ ਕੰਮ ਕਰ ਰਹੇ ਸਨ ਕਿ ਕਰੋਨਾ ਦਾ ਬਹਾਨਾ ਬਣਾ ਕੇ ਉਨ੍ਹਾਂ ਤੋਂ ਨੌਕਰੀ ਖੋਹ ਕੇ ਘਰਾਂ ਨੂੰ ਤੋਰ ਦਿੱਤਾ ਗਿਆ। ਇਥੇ ਪਾਵਰਕੌਮ ਦੇ ਪੱਛਮੀ ਜ਼ੋਨ ਦੇ ਚੀਫ਼ ਦੇ ਦਫ਼ਤਰ ਅੱਗੇ ਬੈਠੇ ਧਰਨਾਕਾਰੀਆਂ ਦੇ ਆਗੂਆਂ ਨੇ ਕਿਹਾ ਕਿ ਦੋ ਵਾਰ ਚੀਫ਼ ਨੇ ਗੱਲਬਾਤ ਲਈ ਵੀ ਸੱਦਿਆ ਪਰ ਉਨ੍ਹਾਂ ਲਾਰੇ ਲਾ ਕੇ ਤੋਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਨੇ ਕਰੋਨਾ ਮਹਾਂਮਾਰੀ ਦੇ ਨਾਂ ਹੇਠ ਤਨਖਾਹ ‘ਚ ਹੋਏ ਨਿਗੂਣੇ ਵਾਧੇ ‘ਤੇ ਰੋਕ ਲਾ ਦਿੱਤੀ ਅਤੇ ਨਵੰਬਰ ਵਿਚ ਮਾਮੂਲੀ ਤਨਖਾਹਾਂ ‘ਤੇ ਘਰ ਚਲਾਉਣ ਵਾਲੇ ਅਪ੍ਰੇਟਰਾਂ ਤੋਂ ਰੁਜ਼ਗਾਰ ਖੋਹ ਕੇ ਘਰੋ-ਘਰੀ ਭੇਜ ਦਿੱਤਾ। ਉਨ੍ਹਾਂ ਮੁਤਾਬਿਕ ਮੈਨੇਜਮੈਂਟ ਨੇ ਇਸ ਦੀ ਵਜ੍ਹਾ ਪਾਵਰਕੌਮ ਦਾ ਘਾਟਾ ਦੱਸਿਆ। ਉਨ੍ਹਾਂ ਆਖਿਆ ਕਿ ਮੁੜ ਨੌਕਰੀ ‘ਤੇ ਬਹਾਲੀ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।