ਸ਼ਗਨ ਕਟਾਰੀਆ
ਬਠਿੰਡਾ, 27 ਜੁਲਾਈ
‘ਸੱਤਿਆਗ੍ਰਹਿ’ ਦੇ ਸੱਦੇ ਤਹਿਤ ਕਾਂਗਰਸ ਨੇ ਅੱਜ ਇਥੇ ਕਾਂਗਰਸ ਭਵਨ ’ਚ ਜ਼ਿਲ੍ਹਾ ਪ੍ਰਧਾਨ ਅਰੁਣ ਜੀਤਮੱਲ ਦੀ ਅਗਵਾਈ ਵਿੱਚ ਰੋਸ ਧਰਨਾ ਲਾਇਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਈ.ਡੀ. ਦੀ ਦੁਰਵਰਤੋਂ ਕਰ ਕੇ ਆਪਣੀਆਂ ਨਾਕਾਮੀਆਂ ਖ਼ਿਲਾਫ਼ ਉੱਠ ਰਹੀਆਂ ਵਿਦਰੋਹੀ ਆਵਾਜ਼ਾਂ ਨੂੰ ਬੰਦ ਕਰਨਾ ਲੋਚਦੀ ਹੈ। ਇਕੱਠ ਨੂੰ ਅਰੁਣ ਜੀਤਮੱਲ, ਕੇਕੇ ਅਗਰਵਾਲ, ਰਾਜਨ ਗਰਗ, ਅਸ਼ੋਕ ਕੁਮਾਰ, ਮਾਸਟਰ ਹਰਮੰਦਰ ਸਿੰਘ, ਬਲਰਾਜ ਸਿੰਘ ਪੱਕਾ, ਹਰਵਿੰਦਰ ਲੱਡੂ, ਬਲਜਿੰਦਰ ਸਿੰਘ ਠੇਕੇਦਾਰ, ਰੁਪਿੰਦਰ ਬਿੰਦਰਾ, ਮਲਕੀਅਤ ਸਿੰਘ ਅਤੇ ਨੱਥੂ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸੇ ਸਾਜ਼ਿਸ਼ ਦਾ ਨਿਸ਼ਾਨਾ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰੀ ਨੂੰ ਹਕੂਮਤ ਨੂੰ ਲਲਕਾਰਦਿਆਂ ਕਿਹਾ ਕਿ ਕਾਂਗਰਸ ਦੇਸ਼ ਭਗਤਾਂ ਦੀ ਪਾਰਟੀ ਹੈ ਅਤੇ ਉਹ ਮੋਦੀ ਹਕੂਮਤ ਦੀ ਤਾਨਾਸ਼ਾਹੀ ਦਾ ਹਿੱਕ ਡਾਹ ਕੇ ਮੁਕਾਬਲਾ ਕਰੇਗੀ। ਉਨ੍ਹਾਂ ਚੁਣੌਤੀ ਦਿੱਤੀ ਗਈ ਕਿ ਜੇ ਸਰਕਾਰ ਇਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਸੰਦ ਬਣਾ ਕੇ, ਜਿੰਨਾ ਮਰਜ਼ੀ ਜਬਰ ਕਰ ਲਵੇ ਪਰ ਕਾਂਗਰਸ ਭਾਜਪਾ ਦੇ ਝੂਠ ਦਾ ਭਾਂਡਾ ਚੌਰਾਹੇ ’ਚ ਭੰਨਦੀ ਰਹੇਗੀ। ਇਸ ਮੌਕੇ ਟਹਿਲ ਸਿੰਘ ਬੁੱਟਰ, ਚਰਨਜੀਤ ਸਿੰਘ ਭੋਲਾ, ਪਰਮਿੰਦਰ ਸਿੰਘ ਸਿੱਧੂ, ਸੁਰੇਸ਼ ਕੁਮਾਰ ਚੌਹਾਨ ਆਦਿ ਹਾਜ਼ਰ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਤੋਂ ਕੇਂਦਰ ਦੀ ਜਾਂਚ ਏਜੰਸੀ ਈਡੀ ਨੇ ਨੈਸ਼ਨਲ ਹੈਰਲਡ ਸਬੰਧੀ ਪੁੱਛਗਿੱਛ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅੱਜ ਮਾਨਸਾ ਦੇ ਬੱਸ ਸਟੈਂਡ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਅਰਸ਼ਦੀਪ ਸਿੰਘ ਗਾਗੋਵਾਲ, ਬਿਕਰਮ ਸਿੰਘ ਮੋਫਰ ਤੇ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਆਪਣੀਆਂ ਜਾਂਚ ਏਜੰਸੀਆਂ ਰਾਹੀਂ ਪ੍ਰੇਸ਼ਾਨ ਕਰਕੇ ਮੁੱਖ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਕੇ ਰੱਖਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਅੰਦਰ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਭਾਰਤ ਵਾਸੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਪ੍ਰੰਤੂ ਮੋਦੀ ਸਰਕਾਰ ਇਨ੍ਹਾਂ ਸਾਰੇ ਮਸਲਿਆਂ ਤੋਂ ਦੇਸ਼ ਦੀ ਜਨਤਾ ਦਾ ਧਿਆਨ ਹਟਾਉਣ ਲਈ ਇਹੋ ਜੇ ਬੇਲੋੜੇ ਮੁੱਦੇ ਮੀਡੀਆ ਵਿਚ ਉਛਾਲੇ ਜਾ ਰਹੇ ਹਨ। ਇਸ ਮੌਕੇ ਪਵਨ ਕੁਮਾਰ, ਪ੍ਰੇਮ ਸਾਗਰ ਭੋਲਾ, ਬਲਦੇਵ ਸਿੰਘ ਰੜ੍ਹ ਨੇ ਵੀ ਸੰਬੋਧਨ ਕੀਤਾ।