ਪੱਤਰ ਪ੍ਰੇਰਕ
ਬਠਿੰਡਾ, 18 ਜੁਲਾਈ
ਅੱਜ ਸਿਵਲ ਹਸਪਤਾਲ ਬਠਿੰਡਾ ਦੀ ਡੇਂਗੂ ਲਾਰਵਾ ਟੀਮ ਨੂੰ ਉਸ ਸਮੇਂ ਜ਼ਲਾਲਤ ਦਾ ਸਾਹਮਣਾ ਕਰਨ ਪਿਆ ਜਦੋਂ ਰੁਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਟੀਮ ਨੂੰ ਦਫ਼ਤਰ ਵਿਚੋਂ ਬਾਹਰ ਕੱਢ ਦਿੱਤਾ। ਸਿਵਲ ਸਰਜਨ ਬਠਿੰਡਾ ਦੀ ਹਦਾਇਤ ’ਤੇ ਜਦੋਂ ਵਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਬਠਿੰਡਾ ਅਦਾਲਤ, ਮਹਿਲਾ ਥਾਣਾ ਵਿਚ ਕੂਲਰ ਵਿਚਲੇ ਲਾਰਵੇ ਚੈੱਕ ਕਰਦੀ ਹੋਈ ਰੁਜ਼ਗਾਰ ਦਫ਼ਤਰ ਬਠਿੰਡਾ ਪੁੱਜੀ ਤਾਂ ਟੀਮ ਦੇ ਮੈਂਬਰ ਜੋਨੀ, ਗਗਨਦੀਪ, ਜਸਵੰਤ ਸਿੰਘ ਆਦਿ ਨੂੰ ਦਫ਼ਤਰ ਵਿਚ ਪੰਛੀਆਂ ਲਈ ਰੱਖੇ ਗਏ ਕਟੋਰੇ ਵਿਚੋਂ ਡੇਂਗੂ ਦਾ ਲਾਰਵਾ ਮਿਲ ਗਿਆ। ਲਾਰਵਾ ਟੀਮ ਨੇ ਜਦੋਂ ਡੇਂਗੂ ਨਾਲ ਸਬੰਧਤ ਲਾਰਵਾ ਡਿਪਟੀ ਡਾਇਰੈਕਟਰ ਰਮੇਸ਼ ਚੰਦਰ ਖੁੱਲਰ ਨੂੰ ਦਿਖਾਇਆ ਤਾਂ ਉਨ੍ਹਾਂ ਨੇ ਗੁੱਸਾ ਕਰਦਿਆਂ ਕਟੋਰੇ ਵਿਚ ਲੱਤ ਮਾਰ ਦਿੱਤੀ ਤੇ ਕਟੋਰਾ ਟੁੱਟ ਕੇ ਟੀਮ ਮੈਂਬਰ ਜਸਵੰਤ ਸਿੰਘ ਦੇ ਸਿਰ ’ਤੇ ਵੱਜਿਆ। ਜਦੋਂ ਟੀਮ ਨੇ ਇਸ ਦਾ ਵਿਰੋਧ ਕੀਤਾ ਤਾਂ ਡਿਪਟੀ ਡਾਇਰੈਕਟਰ ਨੇ ਕਿਹਾ ਉਨ੍ਹਾਂ ਨੂੰ ਬੁਰਾ-ਭਲਾ ਕਿਹਾ ਤੇ ਡੇਂਗੂ ਲਾਰਵਾ ਟੀਮ ਨੂੰ ਗੇਟ ਵਿਚੋਂ ਬਾਹਰ ਕੱਢ ਕੇ ਜਿੰਦਰਾ ਲਗਾ ਦਿੱਤਾ।
ਡੇਂਗੂ ਲਾਰਵਾ ਕਮੇਟੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੁਰਵਿਹਰ ਦੀ ਲਿਖਤੀ ਸ਼ਿਕਾਇਤ ਸਿਵਲ ਸਰਜਨ ਬਠਿੰਡਾ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਭੇਜ ਕੇ ਅਫ਼ਸਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਡਿਪਟੀ ਡਾਇਰੈਕਟਰ ਰਮੇਸ਼ ਚੰਦਰ ਖੁੱਲਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ।
ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ: ਸਿਵਲ ਸਰਜਨ
ਸਿਵਲ ਸਰਜਨ ਬਠਿੰਡਾ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਰੁਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਡੇਂਗੂ ਲਾਰਵਾ ਟੀਮ ਨਾਲ ਦੁਰਵਿਹਾਰ ਕੀਤਾ ਗਿਆ ਹੈ। ਟੀਮ ਦੀ ਸ਼ਿਕਾਇਤ ਮਿਲਣ ’ਤੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਿਹਤ ਬਾਰੇ ਉੱਚ ਅਫ਼ਸਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।