ਮਨੋਜ ਸ਼ਰਮਾ
ਬਠਿੰਡਾ, 21 ਜੁਲਾਈ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰੋਫ਼ੈਸਰਾਂ ਨੇ ਆਕਸੀਜਨ ਦੀ ਸਪਲਾਈ ਨਾਲ ਨਜਿੱਠਣ ਲਈ ਵਿਸ਼ੇਸ਼ ਖੋਜ ਕਾਰਜ ਰਾਹੀਂ ਮੈਟਲ-ਆਰਗੈਨਿਕ ਫਰੇਮਵਰਕ ਤਿਆਰ ਕੀਤਾ ਹੈ, ਜੋ ਕੋਵਿਡ-19 ਦੀ ਤੀਜੀ ਲਹਿਰ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਆਕਸੀਜਨ ਕੰਸਨਟਰੇਟਰਾਂ ਨੂੰ ਕਿਫਾਇਤੀ ਬਣਾਉਣ ਲਈ ਸੁਚੱਜਾ ਉਪਰਾਲਾ ਸਾਬਤ ਹੋਵੇਗਾ।
ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕਾਨਫਰੰਸ ਰੂਮ ਵਿੱਚ ਉਪ ਕੁਲਪਤੀ ਪ੍ਰੋਫ਼ੈਸਰ ਬੂਟਾ ਸਿੰਘ ਸਿੱਧੂ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਅਧਿਕਾਰੀਆਂ ਨੇ ਮੈਟਲ-ਆਰਗੈਨਿਕ ਫਰੇਮਵਰਕ ਦੇ ਸਫ਼ਲ ਵਿਕਾਸ ਦਾ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੋ. ਬੂਟਾ ਸਿੰਘ ਸਿੱਧੂ, ਖੋਜ ਸਹਿਯੋਗੀ ਡਾ. ਜੇ. ਨਗੇਂਦਰ ਬਾਬੂ, ਸਹਾਇਕ ਪ੍ਰੋਫ਼ੈਸਰ (ਕੈਮਿਸਟਰੀ), ਕੇਂਦਰੀ ਯੂਨੀਵਰਸਿਟੀ ਪੰਜਾਬ ਨੇ ਦੱਸਿਆ ਕਿ ਇਨ੍ਹਾਂ ਮੈਟਲ-ਆਰਗੈਨਿਕ ਫਰੇਮਵਰਕ ਨੂੰ ਮਹਿੰਗੇ ਜ਼ੀਓਲਾਇਟਸ ਅਤੇ ਅਣੂ ਦੇ ਕਣਾਂ ਲਈ ਬਦਲਵੀਂ ਸਮੱਗਰੀ ਵਜੋਂ ਵਰਤਿਆ ਜਾ ਸਕਦਾ ਹੈ, ਜੋ ਵਪਾਰਕ ਤੌਰ ’ਤੇ ਵਰਤੀ ਜਾ ਰਹੀ ਸਮੱਗਰੀ ਨਾਲੋਂ ਵਧੇਰੇ ਕਿਫਾਇਤੀ ਹੋਣਗੇ ਅਤੇ ਆਕਸੀਜਨ ਕੰਸਨਟਰੇਟਰਾਂ ਦੀ ਕਾਰਜਕੁਸ਼ਲਤਾ ਅਤੇ ਭੰਡਾਰਨ ਸਮਰੱਥਾ ਵਿੱਚ ਵਾਧਾ ਕਰਨ ਲਈ ਸਹਾਈ ਹੋਣਗੇ। ਇਸ ਮੌਕੇ ਡਾ. ਵੀ.ਕੇ. ਗਰਗ, ਡਾ. ਆਸ਼ੀਸ਼ ਬਾਲਦੀ ਹਾਜ਼ਰ ਸਨ।