ਸ਼ਗਨ ਕਟਾਰੀਆ
ਬਠਿੰਡਾ, 22 ਜਨਵਰੀ
ਸ਼੍ਰੀ ਸਨਾਤਨ ਧਰਮ ਸਭਾ ਹਾਥੀ ਵਾਲਾ ਮੰਦਿਰ ਬਠਿੰਡਾ ਵਿੱਚ ਅੱਜ ਭਗਵਾਨ ਸ਼੍ਰੀ ਰਾਮ ਚੰਦਰ ਦੇ ਅਯੁੱਧਿਆ ਵਿਖੇ ਸਥਿਤ ਜਨਮ ਸਥਾਨ ’ਤੇ ਹੋਈ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ’ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮੰਦਰ ਵਿੱਚ ਵੱਡੀ ਐੱਲਈਡੀ ਸਕਰੀਨ ਲਾ ਕੇ ਅਯੁੱਧਿਆ ਤੋਂ ਸਿੱਧਾ ਪ੍ਰਸਾਰਣ ਵਿਖਾਇਆ ਗਿਆ। ਇੱਥੇ ਇਕੱਠੇ ਹੋਏ ਸ਼ਰਧਾਲੂਆਂ ਵੱਲੋਂ ਭਗਵਾਨ ਰਾਮ ਚੰਦਰ ਦੀ ਉਸਤਤ ਵਿੱਚ ਭਜਨਾਂ ਦਾ ਗਾਇਣ ਕੀਤਾ ਗਿਆ ਅਤੇ ਆਰਤੀ ਤੋਂ ਬਾਅਦ ਪ੍ਰਸ਼ਾਦ ਸਮੇਤ ਅਤੁੱਟ ਲੰਗਰ ਵਰਤਾਇਆ ਗਿਆ।
ਸਮਾਗਨ ਦੌਰਾਨ ਹਾਜ਼ਰ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਉਪ ਪ੍ਰਧਾਨ ਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ ਕੇ.ਕੇ. ਅਗਰਵਾਲ, ਜਨਰਲ ਸਕੱਤਰ ਐਡਵੋਕੇਟ ਅਨਿਲ ਗੁਪਤਾ, ਵਿੱਤ ਸਕੱਤਰ ਐਡਵੋਕੇਟ ਜਤਿੰਦਰ ਕੁਮਾਰ ਗੁਪਤਾ, ਸਕੱਤਰ ਐਡਮਿਨ (ਮਾਲਵਾ) ਭੂਸ਼ਣ ਸਿੰਗਲਾ, ਐਡੀਸ਼ਨਲ ਉਪ ਪ੍ਰਧਾਨ ਐਡਵੋਕੇਟ ਮਿੱਠੂ ਰਾਮ ਗੁਪਤਾ, ਐਡੀਸ਼ਨਲ ਸਕੱਤਰ ਐਡਮਿਨ ਸੰਜੇ ਗੋਇਲ, ਐਡੀਸ਼ਨਲ ਵਿੱਤ ਸਕੱਤਰ ਵਿਸ਼ਵਾ ਮਿੱਤਰ ਸਮੇਤ ਸਮੂਹ ਮੈਂਬਰਾਂ ਨੇ ਇਸ ਪਾਵਨ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਸ਼ਹਿਰ ਅੰਦਰ ਵੱਡੀ ਸਕਰੀਨ ਲਾ ਕੇ ਲੋਕਾਂ ਨੂੰ ਅਯੁੱਧਿਆ ਤੋਂ ਲਾਈਵ ਪ੍ਰਸਾਰਣ ਦਿਖਾਇਆ ਗਿਆ। ਇੱਥੇ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਜਸਟਿਸ (ਰਿਟਾ.) ਮਹਿਤਾਬ ਸਿੰਘ ਗਿੱਲ ,ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਮੇਅਰ ਬਲਜੀਤ ਸਿੰਘ ਚਾਨੀ, ਕਾਂਗਰਸ ਆਗੂ ਰਵੀ ਪੰਡਿਤ, ਇੰਦਰਜੀਤ ਸਿੰਘ ਬੀੜ ਚੜਿੱਕ ਤੇ ਹੋਰਾਂ ਹਸਤੀਆਂ ਵੱਲੋਂ ਲੋਕਾਂ ਨੂ ਲੰਗਰ ਵਰਤਾਇਆ ਗਿਆ। ਸਮੁੱਚੇ ਸ਼ਹਿਰ ਦੇ ਬਾਜ਼ਾਰਾਂ ’ਚ ਲੰਗਰ ਲਗਾਏ ਗਏ। ਕਾਂਗਰਸ ਆਗੂ ਰਵੀ ਪੰਡਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਤਿਉਹਾਰ ਮਨਾਉਣ।
ਸਿਰਸਾ (ਪ੍ਰਭੂ ਦਿਆਲ): ਅਯੁੱਧਿਆ ’ਚ ਰਾਮ ਮੰਦਰ ’ਚ ਰਾਮ ਲੱਲ੍ਹਾ ਦੀ ਮੂਰਤੀ ਸਥਾਪਤ ਕੀਤੇ ਜਾਣ ਦੀ ਰਸਮ ਦੌਰਾਨ ਸਿਰਸਾ ’ਚ ਲੋਕਾਂ ਨੇ ਪਟਾਕੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜਿੱਥੇ ਸਮਾਗਮ ਕਰਵਾਏ ਗਏ, ਉੱਥੇ ਹੀ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਸ਼ੋਭਾ ਯਾਤਰਾ ਕੱਢੀ ਗਈ। ਸ਼ਹਿਰ ਦੇ ਬਜ਼ਾਰ ਰਾਮ ਧਵਜਾਂ ਤੇ ਫੁੱਲਾਂ ਨਾਲ ਸਜਾਏ ਗਏ ਸਨ। ਪ੍ਰਾਣ ਪ੍ਰਤਿਸ਼ਠਾ ਦੀ ਰਸਮ ਦੌਰਾਨ ਚੌਕਾਂ ਤੇ ਬਾਜ਼ਾਰਾਂ ’ਚ ਲਾਈਆਂ ਗਈਆਂ ਐੱਲਈਡੀਜ਼ ਜ਼ਰੀਏ ਲੋਕਾਂ ਨੇ ਅਯੁੱਧਿਆ ਤੋਂ ਸਿੱਧਾ ਪ੍ਰਸਾਰਣ ਵੇਖਿਆ। ਕਈ ਸੰਸਥਾਵਾਂ ਵੱਲੋਂ ਪ੍ਰਸ਼ਾਦ ਤੇ ਚਾਹ-ਪੂੜੀਆਂ ਦੇ ਲੰਗਰ ਵੀ ਲਾਏ ਗਏ। ਵੱਖ-ਵੱਖ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਵਿਧਾਇਕ ਗੋਪਾਲ ਕਾਂਡਾ ਤੇ ਭਾਜਪਾ ਆਗੂ ਗੋਬਿਦ ਕਾਂਡਾ ਵੱਲੋਂ ਹਾਥੀ ਘੋੜਿਆਂ ਨਾਲ ਸ਼ੋਭਾ ਯਾਤਰਾ ਕੱਢੀ ਗਈ ਤੇ ਤਾਰਾ ਬਾਬਾ ਕੁਟੀਆ ’ਚ ਭਗਵਾਨ ਰਾਮ ਦੀ ਮੂਰਤੀ ਸਥਾਪਤ ਕੀਤੀ ਗਈ। ਇਸ ਦੌਰਾਨ ਉੜੀਸਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਤੋਂ ਇਲਾਵਾ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ, ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ, ਭਾਜਪਾ ਆਗੂ ਜਗਦੀਸ਼ ਚੋਪੜਾ ਸਮੇਤ ਕਈ ਹੋਰ ਆਗੂ ਮੌਜੂਦ ਸਨ।
ਫੁੱਲਾਂ ਨਾਲ ਬਣਾਈ ਤਸਵੀਰ ਖਿੱਚ ਦਾ ਕੇਂਦਰ ਬਣੀ
ਭੁੱਚੋ ਮੰਡੀ (ਪਵਨ ਗੋਇਲ): ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ ਪੰਚਾਇਤੀ ਨੀਲ ਕੰਠ ਮੰਦਰ ਵਿੱਚ ਕਰਵਾਏ ਸਮਾਗਮ ਦੌਰਾਨ ਸ਼ਰਧਾਲੂ ਔਰਤਾਂ ਕਿਰਨ ਗਰਗ, ਸ਼ੀਨਾ ਗਰਗ, ਸ਼ਾਲੂ ਗਰਗ ਅਤੇ ਸੀਮਾ ਬਾਂਸਲ ਨੇ ਫੁੱਲਾਂ ਨਾਲ ਭਗਵਾਨ ਸ੍ਰੀ ਰਾਮ ਚੰਦਰ, ਮਾਤਾ ਸੀਤਾ ਅਤੇ ਅਯੁੱਧਿਆ ਰਾਮ ਮੰਦਰ ਦੀ ਸੁੰਦਰ ਅਤੇ ਆਕਰਸ਼ਕ ਤਸਵੀਰ ਤਿਆਰ ਕੀਤੀ। ਇਹ ਤਸਵੀਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਬੈਟਰੀ ਅਤੇ ਆਗੂ ਗੋਬਿੰਦ ਗਰਗ ਨੇ ਸੰਗਤਾਂ ਦਾ ਧੰਨਵਾਦ ਕੀਤਾ।
ਕੇਂਦਰੀ ਯੂਨੀਵਰਸਿਟੀ ਦੇ ਵੀਸੀ ਅਤੇ ਅਧਿਆਪਕਾਂ ਨੇ ਕੀਤੀ ਪੂਜਾ
ਬਠਿੰਡਾ (ਮਨੋਜ ਸ਼ਰਮਾ): ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਸਮਾਗਮ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਵਿੱਚ ਸਥਿਤ ਰਾਮ ਮੰਦਰ ਵਿਖੇ ਮੱਥਾ ਟੇਕਿਆ ਅਤੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਪਿੰਡ ਘੁੱਦਾ ਵਿੱਚ ਕਰਵਾਈ ਵਿਸ਼ੇਸ਼ ਪੂਜਾ ’ਚ ਵੀ ਸ਼ਿਰਕਤ ਕੀਤੀ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਰਾਮ ਭਗਵਾਨ ਨੂੰ ਯਾਦ ਕਰਦੇ ਹੋਏ ਭਜਨ ਗਾਏ ਤੇ ਹਵਨ ਯੱਗ ਵਿੱਚ ਹਿੱਸਾ ਲਿਆ।