ਮਨੋਜ ਸ਼ਰਮਾ
ਬਠਿੰਡਾ, 7 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਕਿਸਾਨ ਵਿੰਗ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨਲ ਸਕੱਤਰ ਗੁਰਸੇਵਕ ਸਿੰੰਘ ਜਵਾਹਰਕੇ, ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਅੱਜ ਇੱਥੇ ਕਾਨਫ਼ਰੰਸ ਵਿਚ ਪੰਜਾਬ ਨੂੰ ਬਚਾਉਣ ਲਈ ਸਮੁੱਚੇ ਕਿਸਾਨਾਂ ਅਤੇ ਪੰਜਾਬੀ ਧਿਰਾਂ ‘ਪੰਜਾਬ ਬਚਾਓ-ਬਾਰਡਰ ਖੁੱਲ੍ਹਵਾਓ’ ਤਹਿਤ 10 ਨਵੰਬਰ ਨੂੰ ਹੁਸੈਨੀਵਾਲਾ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਅਤੇ ਪੰਜਾਬ ਪੱਖੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਵੱਲੋਂ ਸ਼ੰਭੂ ਬਾਰਡਰ ’ਤੇ ਮੋਦੀ ਹਕੂਮਤ ਖ਼ਿਲਾਫ਼ ਵੀ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਡਾਨੀ, ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀਆਂ ਲੁੱਟ ਖਸੁੱਟ ਵਾਲੀਆਂ ਸਾਜ਼ਿਸ਼ਾਂ ਤੋਂ ਨਿਜ਼ਾਤ ਲਈ ਹਰੇਕ ਕਿਸਾਨ ਤੇ ਪੰਜਾਬ ਹਿਤੈਸ਼ੀ ਹੁਸੈਨੀਵਾਲਾ ਬਾਰਡਰ ’ਤੇ ਜ਼ਰੂਰ ਪਹੁੰਚੇ। ਉਨ੍ਹਾਂ ਮੋਦੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਨੇਪਾਲ ਬਾਰਡਰ ਪੂਰਾ ਖੁੱਲ੍ਹਾ ਰੱਖਿਆ ਗਿਆ ਹੈ ਜਦਕਿ ਪੰਜਾਬ ਦੀ ਸਰਹੱਦ ’ਤੇ ਕੰਡਿਆਲੀ ਤਾਰ ਲਗਾ ਕੇ ਫ਼ਸਲਾਂ ਦੀ ਪੈਦਾਵਾਰ ਰੋਕਣ ਲਈ ਪੰਜਾਬ ਮਾਰੂ ਅਮਲ ਹੋਂਦ ਵਿਚ ਲਿਆਂਦੇ ਗਏ ਹਨ।