ਮਨੋਜ ਸ਼ਰਮਾ
ਬਠਿੰਡਾ, 10 ਫਰਵਰੀ
ਬਠਿੰਡਾ ਨਗਰ ਨਿਗਮ ਵਿੱਚ 50 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣ ਕਾਰਨ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ, ਆਜ਼ਾਦ, ਸੋਸ਼ਲ ਗਰੁੱਪ ਦੀਆਂ ਮਹਿਲਾ ਉਮੀਦਵਾਰਾਂ ਦਾ ਅੰਕੜਾ 100 ਤੋਂ ਪਾਰ ਹੋ ਗਿਆ ਹੈ। ਬਠਿੰਡਾ ਦੇ ਹਰ ਗਲੀ ਮੁਹੱਲੇ ਦੇ ਮੋੜ ’ਤੇ ਲੱਗੇ ਪੋਸਟਰਾਂ, ਹੋਰਡਿੰਗਜ਼ ’ਤੇ ਚੋਣ ਮੈਦਾਨ ਵਿੱਚ ਕੁੱਦੀਆਂ ਮਹਿਲਾਵਾਂ ਦੀਆਂ ਫ਼ੋਟੋਆਂ ਨਾਲ ਉਨ੍ਹਾਂ ਦੇ ਪਤੀ ਜਾਂ ਪੁੱਤਰ ਹੋਰਡਿੰਗਜ਼ ਦਾ ਸ਼ਿੰਗਾਰ ਬਣੇ ਹੋਏ ਹਨ। 50 ਵਾਰਡਾਂ ਵਾਲੇ ਇਸ ਕਾਰਪੋਰੇਸ਼ਨ ਦੀ ਪ੍ਰਧਾਨਗੀ ਵਾਲਾ ਤਾਜ ਕਿਸੇ ਔਰਤ ਦੇ ਸਿਰ ਟਿਕਦਾ ਹੈ, ਇਸ ਤਾਂ ਸਮਾਂ ਹੀ ਦੱਸੇਗਾ। ਘੁੱਦਾ ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਡਾ ਨੀਤੂ ਅਰੋੜਾ ਦਾ ਕਹਿਣਾ ਹੈ ਕਿ ਔਰਤ ਨੂੰ ਰਾਜਨੀਤੀ ਵਿਚ ਵੱਧ ਰਾਖਵਾਂ ਕਰਨ ਦੇਣਾ ਸ਼ਲਾਘਾਯੋਗ ਹੈ, ਉਨ੍ਹਾਂ ਤਰਕ ਦਿੱਤਾ ਕਿ ਜੇ ਜਾਗਰੂਕ ਔਰਤਾਂ ਸਰਗਰਮ ਰਾਜਨੀਤੀ ਵਿਚ ਆਉਣਗੀਆਂ ਤਾਂ ਔਰਤ ਲਈ ਚੰਗਾ ਹੈ ਕਿਉਂਕਿ ਜਿਹੜੀ ਔਰਤ ਘਰ ਦੇਹਲੀ ਨਹੀਂ ਸੀ ਟੱਪੀ ਉਹ ਆਪਣੀ ਅਤੇ ਘਰਾਂ ਵਿਚ ਬੈਠੀਆਂ ਔਰਤਾਂ ਦੇ ਅਧਿਕਾਰਾਂ ਪ੍ਰਤੀ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣਗੀਆਂ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਖਣਮੁਖ ਭਾਰਤੀ ਪੱਤੋ, ਪ੍ਰਧਾਨ ਜਗਦੀਪ ਸਿੰਘ ਗਟਰਾ, ਹਾਜ਼ਰ ਸਨ।
ਭਦੌੜ (ਰਾਜਿੰਦਰ ਵਰਮਾ): ਇੱਥੇ ਨਗਰ ਕੌਂਸਲ ਲਈ ਵਾਰਡ ਨੰਬਰ 3 ਤੋਂ ਕਾਂਗਰਸ ਉਮੀਦਵਾਰ ਬੀਬੀ ਹਰਮਨਜੀਤ ਕੌਰ ਨੇ ਅੱਜ ਵਾਰਡ ਦੇ ਵੱਖ-ਵੱਖ ਮੁਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਆਪਣੀ ਮੁਹਿੰਮ ਨੂੰ ਤੇਜ਼ ਕੀਤਾ।
ਮਲੋਟ (ਲਖਵਿੰਦਰ ਸਿੰਘ): ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮਲੋਟ ਦੇ ਵੱਖ-ਵੱਖ ਵਾਰਡਾਂ ਵਿੱਚ ਆਪਣੀ ਪਾਰਟੀ ਅਤੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਵਾਰਡ ਨੰ. 14 ਵਿੱਚ ਚੋਣ ਜਲਸੇ ਵਿੱਚ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ, ਬਲਾਕ ਪ੍ਰਧਾਨ ਬੱਬੂ ਉਪਲ ਹਾਜ਼ਰ ਸਨ।
ਗਿੱਦੜਬਾਹਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ, ਜਗਦੇਵ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ ਤੇ ਸੁਖਜਿੰਦਰ ਸਿੰਘ ਕਾਉਣੀ ਵੱਲੋ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਪੈਦਲ ਮਾਰਚ ਤੇ ਚੋਣ ਪ੍ਰਚਾਰ ਕੀਤਾ।
350 ਵੋਟਰਾਂ ਵਾਲੇ ਵਾਰਡ ਵਿਚ ਉਮੀਦਵਾਰ ਛੇ
ਬੋਹਾ (ਪੱਤਰ ਪ੍ਰੇਰਕ): ਨਗਰ ਪੰਚਾਇਤ ਚੋਣਾਂ ਲਈ ਐੱਸਸੀ ਵਰਗ ਲਈ ਰਾਖਵੇਂ ਬੋਹਾ ਦੇ ਸਭ ਤੋਂ ਛੋਟੇ ਵਾਰਡ ਨੰਬਰ ਚਾਰ ਵਿਚ ਸਭ ਤੋਂ ਵੱਧ ਉਮੀਦਵਾਰ ਆਤਪਣੀ ਕਿਸਮਤ ਅਜ਼ਮਾ ਰਹੇ ਹਨ। ਕੇਵਲ 350 ਵੋਟਾਂ ਵਾਲੇ ਇਸ ਵਾਰਡ ਵਿਚ ਸ਼੍ਰੋਮਣੀ ਅਕਾਲੀ ਦੱਲ ਵੱਲੋਂ ਦਰਸ਼ਨਾ ਕੌਰ , ਕਾਂਗਰਸ ਵੱਲੋਂ ਲਖਵੀਰ ਸਿੰਘ ਤੇ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਐੱਮਸੀ ਮਹਿੰਦਰ ਕੌਰ ਚੋਣ ਲੜ ਰਹੇ ਹਨ। ਕਾਂਗਰਸ ਟਿਕਟ ਦੇ ਦਾਅਵੇਦਾਰ ਰਹੇ ਸਮਾਜ ਸੇਵੀ ਕ੍ਰਿਪਾਲ ਸਿੰਘ ਖਾਲਸਾ , ਸਾਬਕਾ ਐੱਮਸੀ ਜਗਤਾਰ ਸਿੰਘ ਤਾਰੀ ਤੇ ਸਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਅਨੁਮਾਨ ਹੈ ਇਸ ਵਾਰਡ ਵਿਚ 80 ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਅਸਾਨੀ ਨਾਲ ਐੱਮਸੀ ਬਣ ਜਾਵੇਗਾ।
ਸਮੁੱਚੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ
ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡ ਗਿੱਲ ਕੋਠੇ ਵਾਸੀਆਂ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਏਕਤਾ ਅਤੇ ਐੱਨਆਰਆਈ ਭਰਾਵਾਂ ਵੱਲੋਂ ਰੈਲੀ ਕੱਢਣ ਉਪਰੰਤ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਫ਼ੈਸਲਾ ਲਿਆ। ਇਸ ਮੌਕੇ ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਕੁਲਵੀਰ ਸਿੰਘ ਗਿੱਲ, ਕੁਲਦੀਪ ਸਿੰਘ, ਗੁਰਮੀਤ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਹੀ ਹੁੰਦਾ ਉਨਾ ਸਮਾਂ ਸਿਆਸੀ ਪਾਰਟੀਆਂ ਦਾ ਬਾਈਕਾਟ ਰਹੇਗਾ। ਪਿੰਡ ਆਉਣ ਵਾਲੇ ਸਿਆਸੀ ਲੀਡਰ ਦਾ ਘਿਰਾਓ ਕੀਤਾ ਜਾਵੇਗਾ।