ਸ਼ਗਨ ਕਟਾਰੀਆ
ਬਠਿੰਡਾ, 20 ਜੁਲਾਈ
ਪ੍ਰਸ਼ਾਸਨ ਦੀ ਲੋਕਾਂ ਪ੍ਰਤੀ ਜਵਾਬਦੇਹੀ ਤੈਅ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਨਗਰ ਨਿਗਮ ਦੇ ਕੌਂਸਲਰਾਂ ਦੀ ਫੂਡ ਤੇ ਸਿਵਲ ਸਪਲਾਈ ਅਤੇ ਪੰਜਾਬ ਰਾਜ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਬੈਠਕ ਕਰਵਾਈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਉਣ।
ਖ਼ਜ਼ਾਨਾ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਸਮਾਜ ਭਲਾਈ ਦੀ ਕਿਸੇ ਵੀ ਸਕੀਮ ਤੋਂ ਵਿਰਵਾ ਨਾ ਰਹੇ ਅਤੇ ਇਸ ਸਬੰਧੀ ਕੌਂਸਲਰ ਵੀ ਅਜਿਹੇ ਜ਼ਰੂਰਤਮੰਦ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਇਸ ਦੀ ਸੂਚਨਾ ਸਬੰਧਿਤ ਵਿਭਾਗ ਨੂੰ ਦੇਣ। ਉਨ੍ਹਾਂ ਨੇ ਰਸਦ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਤੋਂ ਬਾਅਦ ਹੁਣ ਇਹ ਯਕੀਨੀ ਬਣਾਇਆ ਜਾਵੇ ਕਿ ਡਿੱਪੂਆਂ ਤੋਂ ਉੱਚ ਮਿਆਰ ਦੀ ਕਣਕ ਹੀ ਲਾਭਪਾਤਰੀਆਂ ਨੂੰ ਮਿਲੇ ਅਤੇ ਆਮ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ।
ਸ੍ਰੀ ਬਾਦਲ ਨੇ ਖੁਲਾਸਾ ਕੀਤਾ ਕਿ ਪੁਰਾਣੀ ਟੱਰਕ ਯੂਨੀਅਨ ਵਾਲੀ ਥਾਂ ’ਤੇ ਬਿਜਲੀ ਨਿਗਮ ਦਾ ਗਰਿੱਡ ਸਥਾਪਿਤ ਹੋਣ ਜਾ ਰਿਹਾ ਹੈ। ਇਸ ਨਾਲ ਬਠਿੰਡਾ ਸ਼ਹਿਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨਵੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਪਿਛੜੇ ਵਰਗਾਂ ਦੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਮੀਟਿੰਗ ਵਿੱਚ ਐਕਸੀਅਨ ਹਰਦੀਪ ਸਿੰਘ, ਸਮੂਹ ਐਸਡੀਓ ਅਤੇ ਜੇਈ ਨੇ ਸ਼ਮੂਲੀਅਤ ਕੀਤੀ। ਫੂਡ ਸਪਲਾਈ ਵਿਭਾਗ ਵੱਲੋਂ ਡੀਐਫਐਸਸੀ ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਮੌਜੂਦ ਰਹੀ।