ਸ਼ਗਨ ਕਟਾਰੀਆ
ਬਠਿੰਡਾ, 31 ਦਸੰਬਰ
ਇੱਥੇ ਮਿੰਨੀ ਸਕੱਤਰੇਤ ਅੱਗੇ ਪੱਕੇ ਮੋਰਚੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਨੇ ਅੱਜ 12ਵੇਂ ਦਿਨ ਦੁਪਹਿਰ ਸਮੇਂ ਸਕੱਤਰੇਤ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ। ਸਿੱਟੇ ਵਜੋਂ ਜ਼ਿਲ੍ਹਾ ਅਧਿਕਾਰੀ ਅਤੇ ਕੰਮਕਾਜ ਲਈ ਆਏ ਲੋਕ ਦਫ਼ਤਰਾਂ ਦੇ ਅੰਦਰ ਹੀ ਘਿਰ ਗਏ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਿਰਫ ਐਲਾਨ ਕੀਤੇ ਜਾਂਦੇ ਹਨ ਜਦ ਕਿ ਅਮਲ ’ਚ ਕੀਤਾ ਕੋਈ ਵੀ ਵਾਅਦਾ ਲਾਗੂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਦੋਲਨਕਾਰੀ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਪੁਲੀਸ ਕੇਸ ਰੱਦ ਕਰਨ ਦਾ ਵਾਅਦਾ ਕੀਤਾ ਸੀ, ਪਰ ਨਹੀਂ ਹੋਏ। ਜ਼ਿਲ੍ਹਾ ਪ੍ਰਸ਼ਾਸਨ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਨਰਮੇ ਦੀ ਫ਼ਸਲ ਦੇ ਹੋਏ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਸੱਥਾਂ ’ਚ ਲਿਸਟਾਂ ਲਾਈਆਂ ਜਾਣਗੀਆਂ ਪਰ ਹਾਲੇ ਤੱਕ ਨਹੀਂ ਲੱਗੀਆਂ। ਆਗੂਆਂ ਮੰਗ ਕੀਤੀ ਕਿ ਨਰਮੇ ਦੇ ਮੁਆਵਜ਼ੇ ਸਬੰਧੀ ਪੰਜ ਏਕੜ ਤੱਕ ਮੁਆਵਜ਼ਾ ਦੇਣ ਦੀ ਸ਼ਰਤ ਹਟਾਈ ਜਾਵੇ। ਖ਼ਬਰ ਲਿਖ਼ੇ ਜਾਣ ਤੱਕ ਘਿਰਾਓ ਜਾਰੀ ਸੀ। ਅੱਜ ਪ੍ਰਦਰਸ਼ਨ ਸਮੇਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ, ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖ਼ਾਨਾ ਆਦਿ ਹਾਜ਼ਰ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਦਿਨ-ਰਾਤ ਦੇ ਲਾਏ ਧਰਨੇ ਦੌਰਾਨ ਅੱਜ ਤੀਜੀ ਵਾਰ ਡੀਸੀ ਦਫਤਰ ਦੀ ਘੇਰਾ ਬੰਦੀ ਕੀਤੀ ਗਈ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਕਮੇਟੀ ਮੈਂਬਰ ਗੁਰਪਾਸ਼ ਸਿੰਘ ਸਿੰਘੇਵਾਲਾ, ਮਨੋਹਰ ਸਿੰਘ ਸਿੱਖਾਂਵਾਲਾ, ਰਾਜਾ ਸਿੰਘ ਮਹਾਂਬੱਧਰ, ਹਰਫੂਲ ਸਿੰਘ, ਜਗਸੀਰ ਸਿੰਘ ਗੱਗੜ, ਦਵਿੰਦਰ ਸਿੰਘ, ਹਰਪਾਲ ਸਿੰਘ ਧੂਲਕੋਟ ਤੇ ਭੁਪਿੰਦਰ ਸਿੰਘ ਚੰਨੂ ਨੇ ਕਿਹਾ ਕਿ । ਉਨ੍ਹਾਂ ਕਿਹਾ ਕਿ ਪਹਿਲਾਂ ਮੰਗਾਂ ਮੰਨਣ ਦਾ ਵਾਅਦਾ ਕਰਕੇ ਪੂਰਾ ਨਹੀਂ ਕੀਤਾ ਤੇ ਹੁਣ ਵਾਰ-ਵਾਰ ਬੈਠਕ ਦਾ ਸਮਾਂ ਦੇ ਕੇ ਪਾਸਾ ਵੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਦੋ ਵਾਰ ਡਿਪਟੀ ਕਮਿਸ਼ਨਰ ਸਣੇ ਹੋਰ ਅਫਸਰਾਂ ਨੂੰ ਦਫਤਰਾਂ ਵਿੱਚ ਘੇਰਕੇ ਅੰਸ਼ਿਕ ਤੌਰ ’ਤੇ ‘ਕੈਦੀ’ ਬਣਾਇਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕਰੜੇ ਸੰਘਰਸ਼ ਤੋਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਾਣ ਬੁੱਝਕੇ ਯੂਨੀਅਨ ਦੇ ਸਬਰ ਦਾ ਇਮਤਿਹਾਨ ਲੈ ਰਿਹਾ ਹੈ।
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਲਗਾਤਾਰ 12 ਦਿਨਾਂ ਤੋਂ ਚੱਲ ਰਹੇ ਦਿਨ-ਰਾਤ ਦੇ ਮੋਰਚੇ ਦੌਰਾਨ ਅੱਜ ਡਿਪਟੀ ਕਮਿਸ਼ਨਰ ਮਾਨਸਾ ਦਾ ਚੌਥੀ ਵਾਰ ਮੁੱਖ ਗੇਟ ਬੰਦ ਕਰਕੇ ਧਰਨਾ ਲਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਰੇ ਦੀ ਢੀਠ ਹੋ ਗਈ ਹੈ, ਜਿਸ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਨੂੰ ਸੱਦਾ ਪੱਤਰ ਦੇ ਕੇ ਵੀ ਮੁੱਖ ਮੰਤਰੀ ਕੋਲ ਮਿਲਣ ਦਾ ਸਮਾਂ ਨਹੀਂ ਹੈ, ਜਿਸ ਦਾ ਹਿਸਾਬ-ਕਿਤਾਬ ਪੰਜਾਬ ਦੇ ਅੰਨਦਾਤਾ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵਿਰੁੱਧ ਜਥੇਬੰਦੀ ਦੀ ਸੂਬਾਈ ਕਮੇਟੀ ਮੁਤਾਬਕ ਕੱਲ੍ਹ ਤੋਂ ਤਿੱਖੇ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ ਅਤੇ ਇਹ ਕਿਸਾਨ ਮੋਰਚੇ ਮੰਗਾਂ ਦੇ ਤਸੱਲੀਬਖ਼ਸ ਨਿਪਟਾਰੇ ਤੱਕ ਜਾਰੀ ਰਹਿਣਗੇ।
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਡੀਸੀ ਕੰਪਲੈਕਸ ਬਰਨਾਲਾ ਦੇ ਸਾਰੇ ਮੁੱਖ ਗੇਟਾਂ ਦਾ ਅੱਜ 12ਵੇਂ ਦਿਨ ਮੁਕੰਮਲ ਘਿਰਾਓ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜ.ਸ. ਜਰਨੈਲ ਸਿੰਘ ਬਦਰਾ, ਕਮਲਜੀਤ ਕੌਰ ਬਰਨਾਲਾ, ਭਗਤ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ ਤੇ ਮੇਘਰਾਜ ਹਰੀਗੜ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਮੁਆਵਜ਼ੇ ਸਬੰਧੀ 5 ਏਕੜ ਵਾਲੀ ਸਰਕਾਰੀ ਸ਼ਰਤ ਦੀ ਆਗੂਆਂ ਵੱਲੋਂ ਚਿੱਠੀ ਦੀ ਨਕਲ ਪੇਸ਼ ਕਰਕੇ ਅਲਟੀਮੇਟਮ ਦਿੱਤਾ ਗਿਆ ਸੀ ਇੱਕ ਘੰਟੇ ਦੇ ਅੰਦਰ-ਅੰਦਰ ਇਹ 5 ਏਕੜ ਵਾਲੀ ਸ਼ਰਤ ਰੱਦ ਕਰਨ ਬਾਰੇ ਸਾਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ। ਪਰ ਸਰਕਾਰ ਵੱਲੋਂ ਕੋਈ ਠੋਸ ਜੁਆਬ ਨਾ ਮਿਲਣ ’ਤੇ ਜਥੇਬੰਦੀ ਵੱਲੋਂ ਘਿਰਾਓ ਧਰਨੇ ਜਾਰੀ ਹਨ।