ਸ਼ਗਨ ਕਟਾਰੀਆ
ਬਠਿੰਡਾ, 3 ਮਈ
ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵੱਲੋਂ ਬਠਿੰਡਾ ਵਾਸੀ ਜੋਤੀ ਰਾਣੀ ਦੇ ਪਤੀ ਰਸਾਲ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਬਣਦੀ ਸਜ਼ਾ ਦਿਵਾਉਣ ਲਈ ਅੱਜ ਕ੍ਰਾਈਮ ਬ੍ਰਾਂਚ ਦੇ ਦਫਤਰ ਅੱਗੇ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ, ਸਕੱਤਰ ਸੁਖਦਰਸ਼ਨ ਸਿੰਘ ਖੇਮੋਆਣਾ ਨੇ ਦੱਸਿਆ ਕਿ ਜੋਤੀ ਰਾਣੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਰਸਾਲ ਸਿੰਘ ਨਾਲ ਵਿਆਹੀ ਹੋਈ ਸੀ। 2016 ਵਿੱਚ ਉਸ ਦੇ ਪਤੀ ਦਾ ਕਤਲ ਹੋ ਗਿਆ। ਦੋਸ਼ ਲਾਇਆ ਗਿਆ ਕਿ ਮਾਮਲੇ ਦੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ ਨਹੀਂ ਦਿਵਾਇਆ ਗਿਆ। ਪਰਿਵਾਰ ਵੱਲੋਂ ਨਿਆਂ ਪ੍ਰਾਪਤੀ ਲਈ ਜਥੇਬੰਦੀ ਕੋਲ ਗੁਹਾਰ ਲਾਈ ਗਈ। ਜਥੇਬੰਦੀ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੇ ਬਾਵਜੂਦ ਕੋਈ ਇਨਸਾਫ ਨਹੀਂ ਮਿਲਿਆ। ਇਸੇ ਕਾਰਨ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤਕ ਇਨਸਾਫ ਨਹੀਂ ਮਿਲਦਾ, ਉਦੋਂ ਤਕ ਧਰਨਾ ਜਾਰੀ ਰਹੇਗਾ। ਇਸੇ ਧਰਨੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ, ਰੇਸ਼ਮ ਸਿੰਘ ਜੀਦਾ, ਕਾਕਾ ਸਿੰਘ ਤਲਵੰਡੀ ਆਕਲੀਆ, ਗੁਰਪ੍ਰੀਤ ਸਿੰਘ ਖੇਮੋਆਣਾ, ਸੁਖਮੰਦਰ ਸਿੰਘ ਲੱਖੀ ਜੰਗਲ, ਬਲਜਿੰਦਰ ਸਿੰਘ ਗੁਰੂਸਰ, ਸੁਖਮੰਦਰ ਸਿੰਘ ਹੁਸਨਰ ਆਦਿ ਸ਼ਾਮਲ ਸਨ।