ਸ਼ਗਨ ਕਟਾਰੀਆ
ਬਠਿੰਡਾ, 15 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ। ਯੂਨੀਅਨ ਵੱਲੋਂ ਭਖ਼ਦੀਆਂ 13 ਮੰਗਾਂ ’ਤੇ ਸਰਕਾਰ ਨੂੰ ਫੌਰੀ ਗੌਰ ਕਰਕੇ ਮੰਨਣ ਦੀ ਅਪੀਲ ਕੀਤੀ ਗਈ ਜਿਸ ਵਿੱਚ ਜ਼ੀਰਾ ਨੇੜਲੇ ਪਿੰਡ ਰਟੌਲ ਰੋਹੀ ’ਚ ਸਥਾਪਿਤ ਸ਼ਰਾਬ ਡਿਸਟਲਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਵੀ ਸ਼ਾਮਲ ਸੀ।
ਇਹ ਧਰਨਾ ਪ੍ਰਦਰਸ਼ਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਦੀ ਅਗਵਾਈ ਵਿੱਚ ਦਿੱਤਾ ਗਿਆ। ਸ੍ਰੀ ਮਹਿਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰਨ ਲਈ ਕਈ ਹੱਥਕੰਡੇ ਵਰਤ ਰਹੀਆਂ ਹਨ। ਆਪਣੀਆਂ ਮੰਗਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਜ਼ੀਰਾ ਨੇੜਲੇ ਪਿੰਡ ਰਟੌਲ ਰੋਹੀ ’ਚ ਸਥਾਪਿਤ ਸ਼ਰਾਬ ਡਿਸਟਲਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਇਸ ਡਿਸਟਲਰੀ ਦੇ ਦੂਸ਼ਿਤ ਕੈਮੀਕਲ ਯੁਕਤ ਪਾਣੀ ਨਾਲ ਇਲਾਕੇ ਦਾ ਜ਼ਮੀਨਦੋਜ਼ ਪਾਣੀ ਖਰਾਬ ਹੋਣ ਕਰਕੇ ਲੋਕਾਂ ਵੱਲੋਂ ਪਿਛਲੇ 56 ਦਿਨਾਂ ਤੋਂ ਨਿਰੰਤਰ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਕਾਰਨ ਹੁਣ ਤੱਕ ਹਜ਼ਾਰਾਂ ਪਸ਼ੂ ਮਾਰੇ ਜਾ ਚੁੱਕੇ ਹਨ ਅਤੇ ਸਰਕਾਰ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਵੇ।
ਆੜ੍ਹਤੀ ਦੀ ਗ੍ਰਿਫ਼ਤਾਰੀ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ
ਭੁੱਚੋ ਮੰਡੀ (ਪਵਨ ਗੋਇਲ) : ਆੜ੍ਹਤੀ ਕੋਲੋਂ ਪੈਸੇ ਵਾਪਸ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਿੰਡ ਲਹਿਰਾ ਬੇਗਾ ਨਜ਼ਦੀਕ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਬੀਤੇ ਦਿਨ ਚੱਕਾ ਜਾਮ ਕੀਤਾ ਗਿਆ ਸੀ। ਇਸੇ ਦੌਰਾਨ ਅੱਜ ਦੂਜੇ ਦਿਨ ਜ਼ਿਲ੍ਹਾ ਪੁਲੀਸ ਮੁਖੀ ਜੇ ਏਲਨਚੇਲੀਅਨ ਨੇ ਜਾਮ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਆੜ੍ਹਤੀ ਵਿਜੇ ਕੁਮਾਰ ਸਿੰਗਲਾ ਦੀ ਪੂਰੀ ਜਾਇਦਾਦ ਦੀ ਜਾਂਚ ਕਰਵਾ ਕੇ ਪੀੜਤ ਕਿਸਾਨਾਂ ਦੇ ਰੁਪਏ ਵਾਪਸ ਕਰਵਾਉਣ ਦਾ ਯਤਨ ਕਰਨਗੇ ਅਤੇ ਆੜ੍ਹਤੀ ਦੀ ਜ਼ਮਾਨਤ ਖਾਰਜ ਕਰਵਾਉਗੇ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਕੌਮੀ ਮਾਰਗ ’ਤੇ ਲਗਾਇਆ ਜਾਮ ਤਾਂ ਖੋਲ੍ਹ ਦਿੱਤਾ ਪਰ ਉਨ੍ਹਾਂ ਨੇ ਮੰਗਾਂ ਪੂਰੀਆਂ ਹੋਣ ਤੱਕ ਕੌਮੀ ਮਾਰਗ ਦੇ ਨਾਲ ਭੁੱਚੋ ਮੰਡੀ ਦੀ ਅਨਾਜ ਮੰਡੀ ਵਿੱਚ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਕਿਸਾਨਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਿ ਰਾਮਪੁਰਾ ਫੂਲ ਦੇ ਆੜ੍ਹਤੀ ਵਿਜੇ ਕੁਮਾਰ ਸਿੰਗਲਾ ਨੂੰ ਜੇਲ੍ਹ ਭੇਜਿਆ ਜਾਵੇ ਅਤੇ ਪੀੜਤ ਕਿਸਾਨਾਂ ਦੇ 4 ਕਰੋੜ 60 ਲੱਖ ਰੁਪਏ ਵਾਪਸ ਦਿਵਾਏ ਜਾਣ।