ਮਨੋਜ ਸ਼ਰਮਾ
ਬਠਿੰਡਾ, 26 ਅਕਤੂਬਰ
ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਤੀਜੇ ਮੈਗਾ ਫੂਡ ਪਾਰਕ ਦਾ ਕੰਮਕਾਜ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ।
ਇੱਥੇ ਜਾਰੀ ਬਿਆਨ ਵਿੱਚ ਹਰਸਿਮਰਤ ਕੌਰ ਬਾਦਲ ਨੇ ਸੁਖਜੀਤ ਮੈਗਾ ਫੂਡ ਪਾਰਕ ਦੇ ਪ੍ਰੋਮੋਟਰਾਂ ਨੂੰ ਕੰਮਕਾਜ ਸ਼ੁਰੂ ਹੋਣ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਮੈਗਾ ਫੂਡ ਪਾਰਕ ਦੇ ਸ਼ੁਰੂ ਹੋਣ ਨਾਲ ਮੱਕੀ ਦੀ ਕਾਸ਼ਤ ਤੇ ਉਤਪਾਦਨ ਦੀ ਮੰਗ ਵਿੱਚ ਚੋਖਾ ਵਾਧਾ ਹੋਵੇਗਾ। ਇਸ ਨਾਲ ਸੂਬੇ ਵਿੱਚ ਮੱਕੀ ਪ੍ਰੋਸੈਸਿੰਗ ਉਦਯੋਗ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਕ ਵਿਚਲੇ ਯੂਨਿਟ ਵਿੱਚ 600 ਟਨ ਮੱਕੀ ਰੋਜ਼ਾਨਾ ਪੀਹਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਪ੍ਰੋਸੈਸਿੰਗ ਯੂਨਿਟਾਂ ਵਿੱਚ ਮੋਟੇ ਅਨਾਜ, ਫਲਾਂ, ਸਬਜ਼ੀਆਂ ਤੇ ਤੇਲ ਬੀਜਾਂ ਦੀ ਪ੍ਰੋਸੈਸਿੰਗ ਵੀ ਹੋ ਸਕੇਗੀ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਮੱਕੀ ਪ੍ਰੋਸੈਸਿੰਗ ਸ਼ੁਰੂ ਹੋਣ ਨਾਲ ਸੂਬੇ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮੈਗਾ ਫੂਡ ਪਾਰਕ ਨੇ ਹੁਸ਼ਿਆਰਪੁਰ, ਜਲੰਧਰ ਤੇ ਅੰਮ੍ਰਿਤਸਰ ਵਿੱਚ ਤਿੰਨ ਮੁੱਢਲੇ ਪ੍ਰੋਸੈਸਿੰਗ ਕੇਂਦਰ ਸਥਾਪਿਤ ਕੀਤੇ ਹਨ। ਇਹ ਕੇਂਦਰ ਮੱਕੀ ਦੇ ਕਿਸਾਨਾਂ ਵਾਸਤੇ ਰੇਡੀਮੇਡ ਮੰਡੀ ਦੀ ਸਿਰਜਣਾ ਕਰਨਗੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦਾ ਪ੍ਰੋਸੈਸਿੰਗ ਸੈਂਟਰ ਤਿਆਰ ਹੈ।