ਸ਼ਗਨ ਕਟਾਰੀਆ
ਬਠਿੰਡਾ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਲਹਿਰਾ ਬੇਗਾ ਟੌਲ ਪਲਾਜ਼ੇ ’ਤੇ ਧਰਨੇ ਦੌਰਾਨ ਅੱਜ ਐਲਾਨ ਕੀਤਾ ਕਿ ਝੋਨੇ ਦੀ ਖਰੀਦ ਅਤੇ ਲਿਫਟਿੰਗ ਚ ਤੇਜ਼ੀ ਲਿਆਉਣ, ਡੀਏਪੀ ਖਾਦ ਦੀ ਘਾਟ ਪੂਰੀ ਕਰਨ ਅਤੇ ਪਰਾਲੀ ਸਾੜਨ ਵਾਲੇ ਵਾਲੇ ਕਿਸਾਨਾਂ ’ਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸਖ਼ਤੀ ਖ਼ਿਲਾਫ਼ 5 ਨਵੰਬਰ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਉਦੋਂ ਤੱਕ ਬੇਮਿਆਦੀ ਘਿਰਾਓ ਕੀਤਾ ਜਾਵੇਗਾ, ਜਦੋਂ ਤੱਕ ਇਨ੍ਹਾਂ ਮਸਲਿਆਂ ਦਾ ਸੰਪੂਰਨ ਹੱਲ ਨਹੀਂ ਕੀਤਾ ਜਾਂਦਾ। ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਆਗੂ ਸਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਬਿੰਦੂ ਨੇ ਕਿਹਾ ਕਿ ਝੋਨੇ ਦੀ ਐਮਐਸਪੀ ਅਤੇ ਸਰਕਾਰੀ ਖਰੀਦ ਤੋਂ ਭੱਜਣ ਦੀ ਸਾਮਰਾਜੀ ਨੀਤੀ ਲਾਗੂ ਕਰਦਿਆਂ, ਸਰਕਾਰਾਂ ਨੇ ਝੋਨੇ ਦੀ ਖਰੀਦ ’ਤੇ ਸ਼ਰਤਾਂ ਕਰੜੀਆਂ ਕਰ ਦਿੱਤੀਆਂ ਅਤੇ ਖਰੀਦ ਦੇ ਪੂਰੇ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਉਨ੍ਹਾਂ ਆਖਿਆ ਕਿ ਆੜ੍ਹਤੀਏ ਅਤੇ ਸ਼ੈਲਰ ਮਾਲਕ ਰਲ ਕੇ ਝੋਨਾ ਕਾਟ ’ਤੇ ਜਾਂ ਸਰਕਾਰੀ ਮੁੱਲ ਤੋਂ ਘੱਟ ਰੇਟ ਖਰੀਦ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡੀਏਪੀ ਖਾਦ ਕੇਂਦਰ ਸਰਕਾਰ ਤੋਂ ਲੋੜੀਂਦੀ ਮਾਤਰਾ ਤੋਂ 30 ਪ੍ਰਤੀਸ਼ਤ ਘੱਟ ਦੀ ਮੰਗ ਕੀਤੀ, ਜਿਸ ਕਾਰਨ ਡੀਏਪੀ ਦੀ ਤੋਟ ਦੀ ਸਮੱਸਿਆ ਬਣ ਰਹੀ ਹੈ।
ਮਾਨਸਾ ’ਚ ਕਿਸਾਨਾਂ ਦੀ ਮੀਟਿੰਗ
ਮਾਨਸਾ (ਪੱਤਰ ਪ੍ਰੇਰਕ): ਝੋਨੇ ਦੀ ਖਰੀਦ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਜ਼ਿਲ੍ਹਾ ਕਚਹਿਰੀਆਂ ਵਿੱਚ ਹੋਏ ਇਕੱਠ ਦੌਰਾਨ ਫੈਸਲਾ ਕੀਤਾ ਗਿਆ ਕਿ ਹੁਣ ਮੰਡੀਆਂ ਵਿੱਚ ਝੋਨੇ ਦੀ ਦਰੁਸਤ ਖਰੀਦ ਕਰਵਾਉਣ ਲਈ ਪਹਿਰੇਦਾਰੀ ਕੀਤੀ ਜਾਵੇਗੀ। ਮਾਨਸਾ ਜ਼ਿਲ੍ਹਾ ਕਚਹਿਰੀਆਂ ਵਿੱਚ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਝੋਨੇ ਦੀ ਖਰੀਦ ਤੋਂ ਭੱਜਣਾ ਚਾਹੁੰਦੀਆਂ ਸਨ ਜਿਸ ਨੂੰ ਜਥੇਬੰਦੀ ਦੇ ਸੰਘਰਸ਼ ਸਦਕਾ ਰੋਕ ਲਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਘਰਾਂ ਅੱਗੇ ਬੈਠ ਕੇ ਜਥੇਬੰਦੀ ਨੇ ਸਾਰੀਆਂ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਵਾ ਦਿੱਤੀ ਹੈ, ਪਰ ਅਜੇ ਵੀ ਬਹੁਤ ਸਾਰੀਆਂ ਦਿੱਕਤਾਂ ਬਰਕਰਾਰ ਹਨ।