ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਨੇ ਠੇਕਾ ਕਾਮਿਆਂ ਦੀ ਕਥਿਤ ਛਾਂਟੀ ਦੇ ਵਿਰੋਧ ’ਚ ਅੱਜ ਇੱਥੇ ਧਰਨਾ ਦਿੱਤਾ। ਇੱਥੇ ਭਾਗੂ ਰੋਡ ’ਤੇ ਸਥਿਤ ਕਾਰਜਕਾਰੀ ਇੰਜੀਨੀਅਰਾਂ ਮੰਡਲ ਨੰਬਰ 2 ਅਤੇ 3 ਦੇ ਦਫ਼ਤਰਾਂ ਅੱਗੇ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਖ਼ਾਨ ਨੇ ਕਿਹਾ ਕਿ ਪੰਜਾਬ ਸਰਕਾਰ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਝੂਠਾ ਲਾਰਾ ਲਾ ਕੇ ਠੇਕਾ ਕਾਮਿਆਂ ਦੀ ਯੂਨੀਅਨ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਚ ਨਵੀਂ ਸਰਕਾਰ ਬਣਦਿਆਂ ਹੀ ਕੱਚੇ ਠੇਕਾ ਕਾਮਿਆਂ ਦੀ ਸਰਕਾਰੀ ਸਾਈਟ ਐੱਚਆਰਐੱਮਐੱਸ ਤੋਂ ਡਾਟਾ ਡਿਲੀਟ ਕਰ ਦਿੱਤਾ ਗਿਆ ਤਾਂ ਜੋ ਠੇਕਾ ਕਾਮਿਆਂ ਦਾ ਕੋਈ ਰਿਕਾਰਡ ਨਾ ਰਹੇ। ਉਨ੍ਹਾਂ ਕਿਹਾ ਕਿ ਬਲੱਡ ਰਿਲੇਸ਼ਨ ਦੇ ਆਧਾਰ ’ਤੇ ਛਾਂਟੀ ਕਰਨ ਲਈ ਸਰਕਾਰ ਅਧਿਕਾਰੀਆਂ ਤੋਂ ਅਜਿਹੇ ਠੇਕਾ ਕਾਮਿਆਂ ਦੀਆਂ ਸੂਚੀਆਂ ਮੰਗਵਾ ਰਹੀ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਉਸੇ ਵਿਭਾਗ ’ਚ ਪੱਕੀ ਨੌਕਰੀ ’ਤੇ ਹਨ ਜਾਂ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨੀਤੀ ਖ਼ਿਲਾਫ਼ ਠੇਕਾ ਕਾਮੇ ਪਰਿਵਾਰਾਂ ਸਮੇਤ ਤਿੱਖਾ ਸੰਘਰਸ਼ ਵਿੱਢਣਗੇ।