ਮਨੋਜ ਸ਼ਰਮਾ
ਬਠਿੰਡਾ, 9 ਮਈ
ਕਰੋਨਾ ਦੇ ਬਾਵਜੂਦ ਗਰਮੀ ਦੇ ਮੌਸਮ ਵਿੱਚ ਡੇਂਗੂ ਮਲੇਰੀਆ ਵੀ ਵੱਡੀ ਆਫ਼ਤ ਬਣ ਸਕਦਾ ਹੈ। ਇਸ ਲਈ ਸਿਹਤ ਵਿਭਾਗ ਬਠਿੰਡਾ ਨੂੰ ਸੁਚੇਤ ਹੋਣ ਦੀ ਲੋੜ ਹੈ। ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿੱਚ ਜਿੱਥੇ ਮਲੇਰੀਆ ਵਿੰਗ ਸਥਿਤ ਹੈ, ਉਸ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੀ ਵੱਡੀ ਗਿਣਤੀ ਵਿੱਚ ਮਲੇਰੀਆ ਦਾ ਲਾਰਵਾ ਪੈਦਾ ਹੋ ਰਿਹਾ ਹੈ। ਇਸ ਪੱਤਰਕਾਰ ਨੇ ਵੇਖਿਆ ਕਿ ਔਰਤਾਂ ਅਤੇ ਬੱਚਿਆਂ ਵਾਲੇ ਹਸਪਾਲ ਵਿੱਚ ਮੁਲਾਜ਼ਮਾਂ ਦੀ ਪਾਰਕਿੰਗ ਵਾਲੀ ਥਾਂ ਉਪਰ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਪਾਣੀ ਵਾਲਾ ਪਾਈਪ ਲੀਕ ਹੋ ਰਿਹਾ ਹੈ, ਜਿਸ ਕਾਰਨ ਇਕੱਠੇ ਹੋਏ ਪਾਣੀ ਜੀਵ ਪੈਦਾ ਹੋ ਗਏ ਹਨ। ਇਸੇ ਤਰ੍ਹਾਂ ਦੀ ਹੀ ਸਥਿਤੀ ਇਸ ਅਦਾਰੇ ਵਿੱਚ ਹੋਰਨਾਂ ਥਾਵਾਂ ’ਤੇ ਵੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਮਲੇਰੀਆ ਵਿੰਗ ਨੇ ਸਮੇਂ ਸਮੇਂ ’ਤੇ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਚੈਕਿੰਗ ਤਾਂ ਕੀ ਕਰਨੀ ਸੀ, ਵਿੰਗ ਵੱਲੋਂ ਸ਼ੁੱਕਰਵਾਰ ਨੂੰ ਵੀ ਡਰਾਈ ਡੇਅ ’ਤੇ ਕੋਈ ਸਰਗਰਮੀ ਨਹੀਂ ਦਿਖਾਈ ਜਾ ਰਹੀ। ਇਸ ਕਾਰਨ ਇਥੇ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।