ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਨਕੇ ਪਿੰਡ ਫੱਤਣਵਾਲਾ ਦੀ ਡਿਸਪੈਂਸਰੀ ਦੀ ਇਮਾਰਤ ਖਸਤਾ ਹਾਲ ਹੋ ਚੁੱਕੀ ਹੈ। ਸਿਹਤ ਕਰਮਚਾਰੀ ਆਰਜ਼ੀ ਤੌਰ ’ਤੇ ਬਾਵਰੀਆ ਸਮਾਜ ਦੀ ਧਰਮਸ਼ਾਲਾ ’ਚ ਆਪਣਾ ਕੰਮ ਚਲਾ ਰਹੇ ਹਨ। ਸਿਹਤ ਕਰਮੀ ਸੀ.ਐਚ.ਓ. ਗੁਰਮੀਤ ਕੌਰ, ਏ.ਐਨ.ਐਮ. ਅਮਨਦੀਪ ਕੌਰ, ਕੁਲਦੀਪ ਕੌਰ, ਸੰਦੀਪ ਕੁਮਾਰ, ਆਦਿ ਨੇ ਦੱਸਿਆ ਕਿ ਡਿਸਪੈਂਸਰੀ ਦੀ ਇਮਾਰਤ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਪਿੰਡ ਵਾਸੀਆਂ ਲਈ ਇਹ ਡਿਸਪੈਂਸਰੀ ਹੀ ਸਿਹਤ ਸਹੂਲਤਾਂ ਦਾ ਇਕੋ ਇਕ ਸਾਧਨ ਹੈ। ਪਿੰਡ ਦੇ ਬਸ਼ਿੰਦੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਡਿਸਪੈਂਸਰੀ ਦੀ ਖਸਤਾ ਹਾਲਤ ਦਾ ਪਤਾ ਲੱਗਣ ’ਤੇ ਇਸਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਡਿਸਪੈਂਸਰੀ ਦੇ ਨਵ-ਨਿਰਮਾਣ ਲਈ ਯਤਨ ਕਰਨਗੇ।