ਸ਼ਗਨ ਕਟਾਰੀਆ
ਬਠਿੰਡਾ, 6 ਨਵੰਬਰ
ਕਿਸਾਨ ਜਥੇਬੰਦੀਆਂ ਅਤੇ ‘ਆਪ’ ਦੀ ਲੀਡਰਸ਼ਿਪ ਨੇ ਅੱਜ ਮਿਲ-ਬੈਠ ਕੇ ਗਿਲੇ-ਸ਼ਿਕਵੇ ਦੂਰ ਕਰਦਿਆਂ ਬੀਤੇ ਦਿਨ ਉੱਭਰੇ ਤਲਖ਼ ਮਾਹੌਲ ’ਤੇ ਪੋਚਾ ਫੇਰ ਦਿੱਤਾ। ਸਾਂਝੀ ਬੈਠਕ ’ਚ ਦੋਵੇਂ ਧਿਰਾਂ ਨੇ ਖੁੱਲ੍ਹੇ ਮਨ ਨਾਲ ਇਕ-ਦੂਜੇ ਨੂੰ ਸੁਣੀਆਂ ਤੇ ਸੁਣਾਈਆਂ। ਮਾਮਲੇ ਦੀ ਅਸਲ ਵਜ੍ਹਾ ਸੀ ਕਿ ‘ਆਪ’ ਦੇ ਆਗੂ ਨੇ ਉਸ ਧਰਨੇ ’ਚੋਂ ਨਾਦਾਰਦ ਭਾਕਿਯੂ (ਉਗਰਾਹਾਂ) ਦਾ ਝੰਡਾ ਚੁੱਕਿਆ ਹੋਇਆ ਸੀ ਤੇ ਮਗਰੋਂ ਪੈਦਾ ਹੋਏ ਪੂਰੇ ‘ਫੰਡੇ’ ਦੀ ਬੁਨਿਆਦ ਉਹ ਝੰਡਾ ਹੀ ਬਣਿਆ। ਬੀਤੇ ਦਿਨ ‘ਚੱਕਾ ਜਾਮ’ ਮੌਕੇ ਬਠਿੰਡਾ ਦੇ ਭਾਈ ਘਨ੍ਹਈਆ ਚੌਕ ’ਚ ਲੱਗੇ ਧਰਨੇ ਦੌਰਾਨ ਕਿਸਾਨ ਆਗੂਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਆਪਸ ਵਿਚ ਖਹਬਿੜ ਪਏ ਸਨ। ਕਿਸਾਨਾਂ ਵੱਲੋਂ ‘ਆਪ’ ਆਗੂਆਂ ’ਤੇ ਰਾਜਨੀਤੀ ਅਤੇ ਧਰਨੇ ’ਚ ਵਿਘਨ ਪੈਦਾ ਕਰਨ ਦੇ ਇਲਜ਼ਾਮਾਂ ਪਿੱਛੋਂ ਉਹ ਉਥੋਂ ਚਲੇ ਗਏ। ਅੱਜ ਦੋਵਾਂ ਧਿਰਾਂ ਨੇ ਇਥੇ ਟੀਚਰਜ਼ ਹੋਮ ਵਿਚ ਮੀਟਿੰਗ ਕਰਕੇ ਬੀਤੇ ਦਿਨ ਵਾਪਰੀ ਘਟਨਾ ’ਤੇ ਮਿੱਟੀ ਪਾਉਣ ਦਾ ਫੈਸਲਾ ਲਿਆ। ‘ਆਪ’ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ ਨੇ ਪੁਸ਼ਟੀ ਕੀਤੀ ਕਿ ਮੀਟਿੰਗ ’ਚ ਗੱਲ ਸਾਫ਼ ਹੋ ਗਈ ਕਿ ਇਕ ਵਿਸ਼ੇਸ਼ ਕਿਸਾਨ ਯੂਨੀਅਨ ਦਾ ਝੰਡਾ ਉਨ੍ਹਾਂ ਦੇ ਆਗੂ ਨੂੰ ਕਿਸੇ ਨੇ ਜਾਣ-ਬੁੱਝ ਕੇ ਇਕੱਠ ਵਿੱਚ ਫੜਾ ਦਿੱਤਾ। ਧਰਨੇ ’ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਲਈ ਇਹ ਭੰਬਲਭੂਸਾ ਦਾ ਸਬੱਬ ਬਣਿਆ। ਸ੍ਰੀ ਪੁਰੀ ਨੇ ਦੱਸਿਆ ਕਿ ਧਰਨੇ ’ਚ ਕਿਸਾਨਾਂ ਨਾਲ ਬਹਿਸਣ ਵਾਲੇ ‘ਆਪ’ ਦੇ ਵਾਲੰਟੀਅਰ ਹਰਮੀਤ ਸਿੰਘ ਨੂੰ ਪਾਰਟੀ ਦੇ ਜ਼ਿਲ੍ਹਾ ਕ੍ਰਮਵਾਰ ਸ਼ਹਿਰੀ ਤੇ ਦਿਹਾਤੀ ਜ਼ਿਲ੍ਹਾ ਪ੍ਰਧਾਨਾਂ ਐਡਵੋਕੇਟ ਨਵਦੀਪ ਜੀਦਾ ਅਤੇ ਗੁਰਜੰਟ ਸਿਵੀਆਂ ਵੱਲੋਂ ਤਿੰਨ ਦਿਨਾਂ ਦੇ ਵਕਫ਼ੇ ਵਾਲਾ ਨੋਟਿਸ ਜਾਰੀ ਕਰਕੇ ਵਜ੍ਹਾ ਪੁੱਛੀ ਜਾਵੇਗੀ। ਉੱਤਰ ਤਸੱਲੀਬਖਸ਼ ਨਾ ਮਿਲਿਆ ਤਾਂ ਅਨੁਸ਼ਾਸਨੀ ਕਾਰਵਾਈ ਯਕੀਨੀ ਹੋਵੇਗੀ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਪਾਰਟੀ ਵਰਕਰ ਹਰਮੀਤ ਸਿੰਘ ਵੱਲੋਂ ਹੋਈ ‘ਗ਼ਲਤੀ’ ਦਾ ਅਹਿਸਾਸ ਕਰਦਿਆਂ ਅਫਸੋਸਨਾਕ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ’ਚ ਪਹਿਲਾਂ ਵਾਂਗ ਹੀ ਉਹ ਇਕ ਕਿਸਾਨ ਵਜੋਂ ਸ਼ਾਮਿਲ ਹੁੰਦੇ ਰਹਿਣਗੇ। ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ, ਬੀਕੇਯੂ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਪ੍ਰੈਸ ਸਕੱਤਰ ਰਣਜੀਤ ਸਿੰਘ ਜੀਦਾ ਤੋਂ ਇਲਾਵਾ ਆਪ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ, ਗੋਬਿੰਦਰ ਸਿੰਘ, ਚਰਨਜੀਤ ਸਿੰਘ ਸ਼ਾਮਲ ਹੋਏ।