ਸ਼ਗਨ ਕਟਾਰੀਆ
ਬਠਿੰਡਾ/ਜੈਤੋ, 30 ਅਪਰੈਲ
ਜ਼ਿਲ੍ਹਾ ਪਟਿਆਲਾ ’ਚ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਬਠਿੰਡਾ ਅਤੇ ਜੈਤੋ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਜਿੱਥੇ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ, ਉੱਥੇ ਸ਼ਰਾਰਤੀ ਅਨਸਰਾਂ ਨੂੰ ਸ਼ਾਂਤੀ ਭੰਗ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ। ਬਠਿੰਡਾ ਵਿੱਚ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਜ਼ਿਲ੍ਹਾ ਪੁਲੀਸ ਮੁਖੀ ਜੇ. ਏਲਿਨਚੇਲੀਅਨ ਨੇ ਕੀਤੀ। ਇਹ ਮਾਰਚ ਹਨੂੰਮਾਨ ਚੌਕ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚੋਂ ਲੰਘਿਆ। ਇਸ ਮੌਕੇ ਐੱਸਐੱਸਪੀ ਬਠਿੰਡਾ ਜੇ. ਇਲਨਚੇਲੀਅਨ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ ਦੇ ਕਹਿਣ ’ਤੇ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਉਣ ਅਤੇ ਪੁਲੀਸ ਲੋਕਾਂ ਦੀ ਹਿਫ਼ਾਜ਼ਤ ਲਈ ਹੈ। ਇਸ ਮੌਕੇ ਐੱਸਪੀ (ਹੈੱਡਕੁਆਰਟਰ) ਰਾਜਵੀਰ ਸਿੰਘ ਬੋਪਾਰਾਏ, ਐਸਪੀ (ਡੀ) ਤਰੁਨ ਰਤਨ, ਡੀਐੱਸਪੀ (ਡੀ) ਵਿਸ਼ਵਜੀਤ ਸਿੰਘ, ਡੀਐੱਸਪੀ (ਸਿਟੀ ਵਨ) ਚਰਨਜੀਵ ਲਾਂਬਾ, ਡੀਐੱਸਪੀ (ਸਿਟੀ ਟੂ) ਆਸਵੰਤ ਸਿੰਘ ਧਾਲੀਵਾਲ ਤੋਂ ਇਲਾਵਾ ਭਾਰੀ ਪੁਲੀਸ ਫੋਰਸ ਅਤੇ ਐੱਸਐੱਚਓ’ਜ਼ ਹਾਜ਼ਰ ਸਨ।
ਇਸੇ ਤਰ੍ਹਾਂ ਜੈਤੋ ਸ਼ਹਿਰ ’ਚ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਐੱਸਪੀ ਬਾਲਕ੍ਰਿਸ਼ਨ ਸਿੰਗਲਾ, ਡੀਐੱਸਪੀ ਜੈਤੋ ਦਵਿੰਦਰ ਸਿੰਘ ਅਤੇ ਐੱਸਐੱਚਓ ਜੈਤੋ ਜਗਬੀਰ ਸਿੰਘ ਨੇ ਕੀਤੀ। ਇਸ ਮੌਕੇ ਇਨ੍ਹਾਂ ਅਧਿਕਾਰੀਆਂ ਨੇ ਕਿਹਾ ਪੁਲੀਸ ਹਮੇਸ਼ਾ ਨਾਗਰਿਕਾਂ ਦੀ ਸੁਰੱਖਿਆ ਲਈ ਹਾਜ਼ਰ ਹੈ, ਇਸ ਲਈ ਉਹ ਬੇਖ਼ੌਫ਼ ਹੋ ਕੇ ਅਮਨ ਅਤੇ ਸ਼ਾਂਤੀ ਨਾਲ ਆਪਣੇ ਰੁਝੇਵਿਆਂ ਨੂੰ ਜਾਰੀ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ’ਚ ਆਉਣ ਤੋਂ ਗੁਰੇਜ਼ ਕਰਨ।