ਮਨੋਜ ਸ਼ਰਮਾ
ਬਠਿੰਡਾ 12 ਦਸੰਬਰ
ਦਿੱਲੀ ਵਿੱਚ ਕਿਸਾਨੀ ਘੋਲ ਦੀ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਾਲਵੇ ਵਿੱਚ ਕਿਸਾਨਾਂ ਦੇ ਟਰੈਕਟਰਾਂ ਦੇ ਕਾਫ਼ਲੇ ਸੜਕਾਂ ’ਤੇ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ। ਅੱਜ ਬਠਿੰਡਾ ਜ਼ਿਲ੍ਹਾ ਦੇ ਪਿੰਡ ਮਹਿਮਾ ਸਰਕਾਰੀ, ਕੋਟਸ਼ਮੀਰ ਜੰਡਾਂਵਾਲਾ, ਖੇਮੂਆਣਾ, ਜੀਦਾ, ਗਿੱਦੜ, ਮਹਿਮਾ ਸਰਜਾ, ਮਹਿਮਾ ਭਗਵਾਨਾ, ਕਿਲੀ ਨਿਹਾਲ ਸਿੰਘ, ਬਹਿਮਣ ਦੀਵਾਨਾ, ਬੁਲਾਡੇਵਾਲਾ, ਕੋਟ ਸ਼ਮੀਰ, ਗਿੱਲਪੱਤੀ ਭੋਖੜਾ, ਗੋਨਿਆਣਾ ਕਲਾਂ, ਲੱਖੀ ਜੰਗਲ, ਆਕਲੀਆ ਕਲਾਂ, ਆਕਲੀਆ ਖੁਰਦ, ਵਿਰਕ ਕਲਾਂ, ਵਿਰਕ ਖੁਰਦ, ਚੁੱਘੇ ਕਲਾਂ ਚੁੱਘੇ, ਖੁਰਦ ਝੂੰਬਾ ’ਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਦੇ ਟਰੈਕਟਰਾਂ ਦੇ ਕਾਫ਼ਲੇ ਜਦੋਂ ਆਪੋ ਆਪਣੇ ਪਿੰਡਾਂ ਵਿੱਚ ਦਾਖਲ ਹੋਏ ਤਾਂ ਪਿੰਡਾਂ ਦੀਆਂ ਔਰਤਾਂ ਸਣੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਸੁਆਗਤੀ ਬੈਨਰ ਹੇਠ ਸ਼ਾਨਦਾਰ ਸਵਾਗਤ ਕੀਤਾ। ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਜਦੋਂ ਪਿੰਡ ਮਹਿਮਾ ਸਰਕਾਰੀ, ਮਹਿਮਾ ਸਰਜਾ, ਲੱਖੀ ਜੰਗਲ, ਸਮੇਤ ਹੋਰ ਦਰਜਨਾਂ ਪਿੰਡਾਂ ਦੇ ਦੌਰੇ ’ਤੇ ਪੁੱਜੀ ਤਾਂ ਹਰ ਥਾਂ ਕਿਸਾਨਾਂ ਦਾ ਨਿੱਘਾ ਸਵਾਗਤ ਹੋ ਰਿਹਾ ਸੀ। ਕਿਸਾਨਾਂ ਦੇ ਕਾਫਲੇ ਅੱਗੇ ਢੋਲੀ ਢੋਲ ਵਜਾ ਰਹੇ ਸਨ ਤੇ ਟਰੈਕਟਰ ਮਾਰਚ ਕਰਦੇ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਕਾਫ਼ਲਿਆਂ ਦੀ ਅਗਵਾਈ ਕਰ ਰਹੇ ਸਨ। ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਆਗੂ ਤੇ ਪੀਐਸਯੂ ਦੇ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਤੇ ਐੱਨਆਰਆਈ ਜਸਵਿੰਦਰ ਸਿੰਘ ਨੇ ਦਿੱਲੀ ਤੋਂ ਪਰਤੇ ਕਿਸਾਨਾਂ ਦੇ ਕਾਫਲੇ ਦਾ ਸਮੁੱਚੇ ਪਿੰਡ ਦੀ ਹਾਜ਼ਰੀ ਵਿੱਚ ਲੋਈਆਂ ਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕਰਦਿਆਂ ਕਿਹਾ ਕਿ ਅੱਜ ਕਿਸਾਨਾਂ ਦੀ ਜਿੱਤ ਨੇ ਕਾਰਪੋਰੇਟਾਂ ਦੀ ਹਮਾਇਤੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ। ਦਿੱਲੀ ਤੋਂ ਪਰਤੇ ਇੱਕ ਕਿਸਾਨ ਆਗੂ ਪ੍ਰਿਤਪਾਲ ਸਿੰਘ ਮਾਨ ਸਿੰਘ ਦਾ ਕਹਿਣਾ ਸੀ ਕਿ ਉਹ ਪਿੰਡ ਦੀ ਮਿੱਟੀ ਦੀ ਸਹੁੰ ਖਾ ਕੇ ਦਿੱਲੀ ਅੰਦੋਲਨ ’ਚ ਪੁੱਜੇ ਸਨ ਤੇ ਅੱਜ ਉਹ ਜਿੱਤ ਤੋਂ ਬਾਅਦ ਪਿੰਡ ਦੀ ਮਿੱਟੀ ਨੂੰ ਨਤਮਸਤਕ ਹੁੰਦੇ ਹਨ। ਅੱਜ ਬਠਿੰਡਾ ਵੀ ਭਾਈ ਘਨੱਈਆ ਚੌਕ ’ਚ ਵੱਖ ਵੱਖ ਪਿੰਡਾਂ ਦੇ ਕਾਫ਼ਲਿਆਂ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਬਠਿੰਡਾ ਦੇ ਬੀਬੀ ਵਾਲਾ ਚੌਕ ’ਚ ਬੁੱਧੀਜੀਵੀਆਂ ਤੇ ਲੇਖਕਾਂ ਨੇ ਕਿਸਾਨਾਂ ਦਾ ਸੁਆਗਤ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ) ਦਿੱਲੀ ਤੋਂ ਜੇਤੂ ਹੋ ਕੇ ਪਰਤੇ ਕਿਸਾਨਾਂ ਦਾ ਇਥੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਤੇ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੜਕਾਂ ’ਤੇ ਲੋਕਾਂ ਨੇ ਖੇਤੀ ਅੰਦੋਲਨ ਜ਼ਿੰਦਾਬਾਦ ਦੇ ਜੋਸ਼ੀਲੇ ਨਾਅਰਿਆਂ ਨਾਲ ਸਲਾਮੀ ਦਿੱਤੀ ਤੇ ਲੱਡੂ ਵੰਡੇ। ਪਿੰਡਾਂ ’ਚ ਜੇਤੂ ਅਰਦਾਸਾਂ ਵੀ ਕੀਤੀਆਂ ਗਈਆਂ। ਇਸ ਮੌਕੇ ਸੀਪੀਆਈ ਜ਼ਿਲ੍ਹਾ ਸਕੱਤਰ ਕਾ. ਕੁਲਦੀਪ ਭੋਲਾ ਤੇ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਇਹ ਏਕੇ ਤੇ ਸਾਰੇ ਵਰਗਾਂ ਦੀ ਸਾਂਝੀ ਤੇ ਭਾਈ ਲਾਲੋ ਦੀ ਜਿੱਤ ਹੈ, ਗੁਰੂ ਨਾਨਕ ਤੇ ਭਗਤ ਸਿੰਘ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਿਰੜੀ ਲੋਕ ਮਲਿਕ ਭਾਗੋ ਨੂੰ ਹਰਾ ਕੇ ਆਏ ਹਨ। ਇਹ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਖ਼ਿਲਾਫ਼, ਲੋਕਾਂ ਦੀ ਦਲੇਰੀ ਦੀ ਜਿੱਤ ਹੈ। ਇਸ ਮੌਕੇ ਲੰਮਾਂ ਸਮਾਂ ਦਿੱਲੀ ਮੋਰਚੇ ’ਚ ਡਟੇ ਰਹੇ ਤੇਜਾ ਸਿੰਘ ਤੇ ਗੁਰਦੌਰ ਸਿੰਘ ਗੋਰਾ ਮਹੇਸ਼ਰੀ ਤੇ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਥੇ ਦਸਮੇਸ਼ ਵੈਲਫੇਅਰ ਕਲੱਬ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਸਾਬਕਾ ਡੀਪੀਆਰਓ ਗਿਆਨ ਸਿੰਘ ਨੇ ਕਿਹਾ ਕਿ ਲੰਮਾਂ ਸੰਘਰਸ਼ ਕਰਕੇ ਕਾਲੇ ਕਾਨੂੰਨ ਰੱਦ ਕਰਵਾਏ ਤੇ ਬਾਕੀ ਮੰਗਾਂ ਮੰਨਣ ਦਾ ਲਿਖਤੀ ਪੱਤਰ ਲੈ ਕੇ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਇਹ ਕਨੂੰਨ ਰੱਦ ਹੋਣ ਨਾਲ ਕਿਸਾਨਾਂ ਦੀ ਜਿਥੇ ਦੀ ਜਿੱਤ ਹੋਈ ਹੈ ਉਥੇ ਕਾਰਪੋਰੇਟ ਘਰਾਣਿਆਂ ਦੀ ਹਾਰ ਹੋਈ ਹੈ।
‘ਮਹਿੰਦਰ ਸਿੰਘ ਨੇ ਕਰਵਾਇਆ ਕੰਗਨਾ ਰਣੌਤ ਨਾਲ ਵਿਆਹ’
ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਇੱਕ ਕਿਸਾਨ ਵੱਲੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬੁੱਤ ਨਾਲ ਵਿਆਹ ਕਰਵਾਇਆ। ਜ਼ਿਕਰਯੋਗ ਹੈ ਕਿ ਵਿਆਹ ਕਰਵਾਉਣ ਵਾਲਾ ਕਿਸਾਨ ਮਹਿੰਦਰ ਸਿੰਘ ਗਹਿਰੀ ਭਾਗੀ ਦਾ ਰਹਿਣ ਵਾਲਾ ਹੈ। ਇਸ ਮੌਕੇ ਔਰਤਾਂ ਨੇ ਵਿਆਹ ਦੇ ਗੀਤ ਵੀ ਗਾਏ।