ਮਨੋਜ ਸ਼ਰਮਾ
ਬਠਿੰਡਾ, 8 ਅਕਤੂਬਰ
ਇੱਥੋਂ ਦੀ ਕਪਾਹ ਮੰਡੀ ਵਿੱਚ ਅੱਜ ਉਸ ਸਮੇਂ ਰੌਲਾ ਪੈ ਗਿਆ, ਜਦੋਂ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਨੇ ਮਜ਼ਦੂਰ ਯੂਨੀਅਨ ਨੂੰ ਲੇਬਰ ਦੇਣ ਤੋਂ ਇਨਕਾਰ ਕਰ ਦਿੱਤਾ। ਖ਼ਫਾ ਹੋਈ ਲੇਬਰ ਯੂਨੀਅਨ ਨੇ ਮਾਰਕੀਟ ਕਮੇਟੀ ਬਠਿੰਡਾ ਅਤੇ ਸੀਸੀਆਈ ਖਿਲਾਫ਼ ਰੋੋਸ ਰੈਲੀ ਕੱਢ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਬਠਿੰਡਾ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੰਗਤ ਰਾਏ ਦੀ ਅਗਵਾਈ ਹੇਠ ‘ਮਜ਼ਦੂਰ ਏਕਤਾ ਜ਼ਿੰਦਾਬਾਦ’ ਅਤੇ ‘ਸਾਡਾ ਹੱਕ ਇੱਥੇ ਰੱਖ’ ਨਾਅਰੇਬਾਜ਼ੀ ਕਰਦਿਆਂ ਕਾਟਨ ਕਾਰਪੋਰੇਸ਼ਨ ਇੰਡੀਆ ਖ਼ਿਲਾਫ਼ ਰੋਸ ਧਰਨਾ ਦਿੱਤਾ।
ਇਸ ਮੌਕੇ ਮੰਗਤ ਰਾਮ ਤੇ ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਬੀਤੇ 60 ਵਰ੍ਹਿਆਂ ਤੋਂ ਮੰਡੀ ਅੰਦਰ ਲੇਬਰ ਦਾ ਕੰਮ ਕਰਕੇ ਪੇਟ ਪਾਲ ਰਹੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਸੀਸੀਆਈ ਨੇ ਨਰਮੇ ਦੀ ਲੁਹਾਈ , ਤੁਲਾਈ ਲੇਬਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਜ਼ਦੂਰ ਯੂਨੀਅਨ ਨੇ ਕਿਹਾ ਕਿ ਉਹ ਹਰ ਸੀਜ਼ਨ ਵਿੱਚ ਨਰਮੇ ਦੀ ਲੁਹਾਈ ਅਤੇ ਤੁਲਾਈ ਦੀ ਲੇਬਰ ਲੈਂਦੇ ਹਨ ਪਰ ਸੀਸੀਆਈ ਅਧਿਕਾਰੀਆਂ ਨੇ ਮਜ਼ਦੂਰਾਂ ਦੇ ਪੇਟ ਵਿੱਚ ਲੱਤ ਮਾਰਦਿਆਂ ਲੇਬਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਣਮਿਥੇ ਸਮੇਂ ਲਈ ਧਰਨਾ ਜਾਰੀ ਰੱਖਣਗੇ। ਉਨ੍ਹਾਂ ਮਾਰਕੀਟ ਬਠਿੰਡਾ ਦੇ ਸਕੱਤਰ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ।
ਇਸ ਸਬੰਧੀ ਮਜ਼ਦੂਰ ਯੂਨੀਅਨ ਦੇ ਧਰਨੇ ਸਬੰਧੀ ਸੀਸੀਆਈ ਦੇ ਇੰਸਪੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਕਪਾਹ ਨਿਗਮ ਸਿਰਫ਼ ਆਪਣੇ ਠੇਕੇਦਾਰ ਨੂੰ ਲੇਬਰ ਦੇਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਵਿੱਕਣ ਆਏ ਨਰਮੇ ਦੀ ਟਰਾਲੀ ਵਿੱਚੋਂ ਨਮੀਂ ਚੈੱਕ ਕਰਨ ਤੋਂ ਬਾਅਦ ਅਲਾਟ ਕੀਤੀ ਫੈਕਟਰੀ ਵਿੱਚ ਨਰਮਾ ਭੇਜਿਆ ਜਾਵੇਗਾ। ਫੈਕਟਰੀ ਅੰਦਰ ਕੰਮ ਕਰਦੀ ਠੇਕੇਦਾਰ ਦੀ ਲੇਬਰ ਨੂੰ ਦਿਹਾੜੀ ਦਿੱਤੀ ਜਾਵੇਗੀ।