ਸ਼ਗਨ ਕਟਾਰੀਆ
ਬਠਿੰਡਾ, 17 ਮਈ
ਸਰਕਾਰੀ ਬੱਸ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਵਰਕਰਾਂ ਨੇ ਅੱਜ ਸਵੇਰੇ ਇਥੇ ਪੀਆਰਟੀਸੀ ਡਿੱਪੂ ਦੇ ਦਰਵਾਜ਼ੇ ’ਤੇ ‘ਗੇਟ ਰੈਲੀ’ ਕਰਕੇ ਰੋਸ ਮੁਜ਼ਾਹਰਾ ਕੀਤਾ। ਉਪਰੰਤ ਕਮੇਟੀ ਦੇ ਵਫ਼ਦ ਨੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਬਠਿੰਡਾ ’ਤੇ ‘ਮਨਮਾਨੀਆਂ’ ਕਰਨ ਦੇ ਇਲਜ਼ਾਮ ਲਾਉਂਦਿਆਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ।
ਏਟਕ ਦੇ ਆਗੂ ਪ੍ਰੀਤਮ ਸਿੰਘ ਸੈਕਟਰੀ, ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਕੁਲਵੰਤ ਸਿੰਘ, ਇੰਟਕ ਦੇ ਹਰਜੀਤ ਬਾਦਲ, ਸੀਟੂ ਦੇ ਸੁਖਵਿੰਦਰ ਸਿੰਘ, ਕਰਮਚਾਰੀ ਦਲ ਦੇ ਸੁਖਜਿੰਦਰ ਸਿੰਘ ਅਤੇ ਐੱਸਸੀਬੀਸੀ ਯੂਨੀਅਨ ਦੇ ਗੁਰਜੰਟ ਸਿੰਘ ਐੱਮਐੱਲਏ ਨੇ ਸੰਬੋਧਨ ਕਰਦਿਆਂ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਦੀਆਂ ਪੈਨਸ਼ਨਾਂ ’ਚ ਦੇਰੀ ਹੋਣ ਦੇ ਦੋਸ਼ ਲਾਏ। ਉਨ੍ਹਾਂ ਮੰਗ ਕੀਤੀ ਕਿ ਇਹ ਦੋਵੇਂ ਸਮੇਂ ਸਿਰ ਦਿੱਤੀਆਂ ਜਾਣ ਤਾਂ ਜੋ ਕਰਮਚਾਰੀ ਆਪਣੀ ਘਰੇਲੂ ਜ਼ਿੰਦਗੀ ਨੂੰ ਸਹਿਜਤਾ ਨਾਲ ਚਲਾ ਸਕਣ। ਬਾਅਦ ਵਿੱਚ ਆਗੂਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਵਿੱਚ ਆਰਟੀਏ ਬਠਿੰਡਾ ’ਤੇ ਕਥਿਤ ਤੌਰ ’ਤੇ ਮਨਮਾਨੀ ਕਰਨ ਦੇ ਗੰਭੀਰ ਦੋਸ਼ ਲਾਏ ਗਏ। ਵਿਸਥਾਰਤ ਪੱਤਰ ਰਾਹੀਂ ਸਕੱਤਰ ਦੀ ਸ਼ਿਕਾਇਤ ਸੀ ਕਿ ਵੱਖ-ਵੱਖ ਰੂਟਾਂ ’ਤੇ ਚੱਲਦੀਆਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਗਿਣਤੀ ਦੇ ਅਨੁਪਾਤ ਅਤੇ ਸਮਾਂ ਸਾਰਨੀ ਵਿੱਚ ਕਥਿਤ ਤੌਰ ’ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਨਿੱਜੀ ਟਰਾਂਸਪੋਰਟਰਾਂ ਨੂੰ ਫਾਇਦਾ ਦੇ ਕੇ ਸਰਕਾਰੀ ਟਰਾਂਸਪੋਰਟ ਨੂੰ ਚੂਨਾ ਲਾਇਆ ਜਾ ਰਿਹਾ ਹੈ।