ਪੱੱਤਰ ਪ੍ਰੇਰਕ
ਬਠਿੰਡਾ,17 ਜੂਨ
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੋਜ ਪਰਿਸ਼ਦ ਤੇ ਪੰਜਾਬ ਖੇਤੀਬਾੜੀ ਸਿੱਖਿਆ ਕੌਂਸਲ ਤੋਂ ਮਾਨਤਾ ਮਿਲ ਗਈ ਹੈ। ਇਸ ਸਬੰਧੀ ਡਾ. ਨੀਲਮ ਗਰੇਵਾਲ( ਉਪ ਕੁਲਪਤੀ), ਡਾ. ਜਗਤਾਰ ਸਿੰਘ ਧੀਮਾਨ (ਪਰੋ. ਵਾਈਸ ਚਾਂਸਲਰ), ਡਾ. ਪੁਸ਼ਪਿੰਦਰ ਸਿੰਘ ਔਲਖ (ਪਰੋ. ਵਾਈਸ ਚਾਂਸਲਰ), ਡਾ. ਗੁਰਜੰਟ ਸਿੰਘ ਸਿੱਧੂ (ਡੀਨ) ਤੇ ਡਾ. ਗਰੇਵਾਲ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੋਜ ਪਰਿਸ਼ਦ ਅਤੇ ਪੰਜਾਬ ਖੇਤੀ ਸਿੱਖਿਆ ਕੌਂਸਲ ਵਲੋਂ ਬੀ.ਐੱਸ.ਸੀ ਐਗਰੀਕਲਚਰ (ਆਨਰਜ਼) ਦੇ ਕੋਰਸ ਚਲਾਉਣ ਦੀ ਮਾਨਤਾ ਦਿੱਤੀ ਗਈ ਹੈ । ਜਦ ਕਿ ਇਸ ਨੂੰ ਭਾਰਤੀ ਖੋਜ ਪਰਿਸ਼ਦ ਵਲੋਂ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ। ਜੀਕੇਯੂ ਇਹ ਮਾਨਤਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਨਤਾ ਨਾਲ ਇਲਾਕੇ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਮਾਣਮੱਤੀ ਪ੍ਰਾਪਤੀ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਪ੍ਰਾਪਤ ਤੇ ਤਜਰਬੇਕਾਰ ਫੈਕਲਟੀ, ਵਧੀਆ ਸਿੱਖਿਆ ਤੇ ਖੋਜ ਸਹੂਲਤਾਂ, ਸਿੱਖਿਆ ਦਾ ਉਚੇਰਾ ਮਿਆਰ ਅਤੇ ਚੰਗੇਰੀ ਵਿਗਿਆਨਕ ਸੋਚ ਦੀ ਤਰਜਮਾਨੀ ਕਰਦੀ ਹੈ।