ਸ਼ਗਨ ਕਟਾਰੀਆ
ਬਠਿੰਡਾ, 25 ਮਈ
ਸ਼ਹਿਰ ਦੇ ਜਿਮ ਅਤੇ ਫਿਟਨੈੱਸ ਸੈਂਟਰ ਸੰਚਾਲਕਾਂ ਦੇ ਸੰਗਠਨ ਜਿਮ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇ ਕੇ, ਲੌਕਡਾਊਨ ਵਿੱਚ ਛੋਟ ਦੇਣ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਝਾਂਜੀ, ਸਕੱਤਰ ਵਰੁਨ ਸ਼ਰਮਾ, ਮੀਤ ਪ੍ਰਧਾਨ ਹੈਰੀ ਧਨੋਆ, ਵਿੱਕੀ ਗਰੋਵਰ, ਖ਼ਜ਼ਾਨਚੀ ਪ੍ਰਦੀਪ ਸ਼ਰਮਾ, ਕਾਨੂੰਨੀ ਸਲਾਹਕਾਰ ਸੁਖਦੀਪ ਢਿੱਲੋਂ, ਪ੍ਰੈੱਸ ਸਕੱਤਰ ਡਾ. ਮੋਹਿਤ, ਐਸ.ਪੀ. ਸ਼ੁਕਲਾ ਤੇ ਪਵਨਜੀਤ ਕੁਮਾਰ ਨੇ ਦੱਸਿਆ ਕਿ ਮਾਰਚ ਤੋਂ ਸਤੰਬਰ ਦੇ ਮਹੀਨੇ ਤੱਕ ਉਨ੍ਹਾਂ ਦੇ ਕੇਂਦਰਾਂ ’ਤੇ ਕੰਮ ਹੁੰਦਾ ਹੈ ਪਰ ਪਿਛਲੇ ਸਾਲ ਅਤੇ ਐਤਕੀਂ ਵੀ ਇਨ੍ਹਾਂ ਦਿਨਾਂ ’ਚ ਤਾਲਾਬੰਦੀ ਹੋਣ ਕਰਕੇ ਉਹ ਆਰਥਿਕ ਮੰਦੀ ਦੇ ਬੋਝ ਹੇਠ ਆ ਗਏ ਹਨ। ਹੁਣ ਤਾਂ ਪਰਿਵਾਰਾਂ ਦੇ ਪੇਟ ਪਾਲਣੇ ਵੀ ਔਖੇ ਹੋਏ ਪਏ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੇ ਸਾਰੇ ਕਾਰੋਬਾਰਾਂ ਨੂੰ ਕੁਝ ਸਮੇਂ ਲਈ ਤਾਲਾਬੰਦੀ ਤੋਂ ਛੋਟ ਦਿੱਤੀ ਹੋਈ ਹੈ ਪਰ ਉਨ੍ਹਾਂ ਦੇ ਸੈਂਟਰ ਅਜੇ ਵੀ ਬੰਦ ਹਨ। ਉਨ੍ਹਾਂ ਦੱਸਿਆ ਕਿ ਸੈਂਟਰਾਂ ਦੇ ਟੈਕਸ, ਬਿਜਲੀ ਬਿੱਲ, ਕਰਮਚਾਰੀਆਂ ਦੇ ਖ਼ਰਚਿਆਂ ਦੀ ਅਦਾਇਗੀ ਉਹ ਨਿਯਮਤ ਰੂਪ ’ਚ ਹਾਲੇ ਵੀ ਕਰ ਰਹੇ ਹਨ।
ਉਨ੍ਹਾਂ ਦਲੀਲ ਦਿੱਤੀ ਕਿ ਦੁਕਾਨਾਂ ਦੀ ਤੁਲਨਾ ’ਚ ਸੈਂਟਰਾਂ ਕੋਲ ਖੁੱਲ੍ਹੀ ਜਗ੍ਹਾ ਹੈ, ਜਿੱਥੇ ਸਮਾਜਿਕ ਦੂਰੀ ਦੀ ਹਰ ਤਰ੍ਹਾਂ ਪਾਲਣਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੈਂਟਰਾਂ ਨੂੰ ਸਮੇਂ-ਸਮੇਂ ਸਿਰ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਇੱਥੇ ਕੋਈ ਵੀ ਬਿਮਾਰ ਵਿਅਕਤੀ ਨਹੀਂ ਆਉਂਦਾ। ਅਜਿਹੇ ’ਚ ਕੇਂਦਰਾਂ ਨੂੰ ਪੂਰਨ ਤੌਰ ’ਤੇ ਬੰਦ ਰੱਖਣ ਦਾ ਸਰਕਾਰ ਦਾ ਫੈਸਲਾ ਤਰਕਸੰਗਤ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਿਮ ਮਾਲਕਾਂ ਦੀ ਮਾਇਕ ਹਾਲਤ ਦੇ ਮੱਦੇਨਜ਼ਰ ਸੈਂਟਰਾਂ ਨੂੰ ਕਰੋਨਾ ਨਿਯਮਾਂ ਅਧੀਨ ਖੋਲ੍ਹਣ ਦੀ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ ਕੇਂਦਰਾਂ ਦੀਆਂ ਇਮਾਰਤਾਂ ਦਾ ਕਿਰਾਇਆ, ਬਿਜਲੀ, ਪਾਣੀ ਅਤੇ ਸੀਵਰੇਜ ਦੇ ਬਿੱਲਾਂ ਸਮੇਤ ਪ੍ਰਾਪਟੀ ਟੈਕਟ ਮੁਆਫ਼ ਕਰੇ।