ਮਨੋਜ ਸ਼ਰਮਾ
ਬਠਿੰਡਾ, 18 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਭਲਕੇ 19 ਅਕਤੂਬਰ ਨੂੰ ਪੰਜਾਬ ਭਰ ’ਚ 9ਵੀਂ ਤੋਂ 12ਵੀਂ ਜਮਾਤ ਤਕ ਸਕੂਲ ਖੋਲ੍ਹੇ ਜਾ ਰਹੇ ਹਨ, ਜਿਸ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ‘ਚ ਚਾਅ ਤੇ ਖ਼ੁਸ਼ੀ ਹੈ ਤੇ ਮਾਪਿਆਂ ਅਤੇ ਅਧਿਆਪਕਾਂ ’ਚ ਵੀ ਉਤਸ਼ਾਹ ਹੈ।
ਸਕੂਲ ਖੁੱਲ੍ਹਣ ਲਈ ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫ਼ਾਈ ਅਤੇ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਣ ਸਬੰਧੀ ਪ੍ਰਕਿਰਿਆ ਸੁਚਾਰੂ ਰੂਪ ‘ਚ ਚਲਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਮਨਿੰਦਰ ਕੌਰ ਅਨੁਸਾਰ ਕੋਵਿਡ-19 ਸਬੰਧੀ ਸਾਵਧਾਨੀਆਂ ਦੇ ਪਾਲਣ ਹਿੱਤ ਜ਼ਿਲ੍ਹੇ ‘ਚ ਪੂਰੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਖੁੱਲ੍ਹਣ ਦੀਆਂ ਤਿਆਰੀਆਂ ਹੋ ਗਈਆਂ ਹਨ। ਪ੍ਰਿੰਸੀਪਲ ਮੇਵਾ ਸਿੰਘ ਘੁੱਦਾ, ਪ੍ਰਿੰਸੀਪਲ ਗੁਰਇੰਦਰਦੀਪ ਕੌਰ ਬੀੜ ਬਹਿਮਣ, ਲੈਕਚਰਾਰ ਬੂਟਾ ਸਿੰਘ, ਲੈਕਚਰਾਰ ਦਲਜੀਤ ਕੌਰ ਦਾ ਕਹਿਣਾ ਹੈ ਕਿ ਵਿਦਿਆਰਥੀ ਜੋ ਕੁਝ ਪ੍ਰਤੱਖ ਰੂਪ ‘ਚ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਸਿੱਖਦੇ ਹਨ, ਓਨਾ ਵਧੀਆ ਕਿਸੇ ਹੋਰ ਸਾਧਨ ਰਾਹੀਂ ਨਹੀਂ ਸਿੱਖ ਸਕਦੇ। ਇਸ ਕਰਕੇ ਸਕੂਲ ਲੱਗਣੇ ਜ਼ਰੂਰੀ ਹਨ।
ਕੁਝ ਬੱਚਿਆਂ ਦੇ ਮਾਪਿਆਂ ਹਰਭਜਨ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਦਾ ਕਹਿਣਾ ਹੈ ਕਿ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਬੱਚਿਆਂ ਦਾ ਸਕੂਲ ਜਾਣਾ ਲਾਜ਼ਮੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਬੀੜ ਬਹਿਮਣ ਵਿਚ ਪੜ੍ਹਨ ਆਉਣ ਵਾਲੇ ਵਿਦਿਆਰਥੀ ਅਮਨਿੰਦਰ ਸਿੰਘ, ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਸਕੂਲ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾ ਦਾ ਪਾਲਣ ਕਰ ਕੇ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੇਣਗੇ।