ਸ਼ਗਨ ਕਟਾਰੀਆ
ਬਠਿੰਡਾ, 13 ਜੁਲਾਈ
ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੱਥੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਮੁਲਾਜ਼ਮ ਕੰਮ ਦਾ ਬਾਈਕਾਟ ਕਰਕੇ ਧਰਨਾ ਦੇ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ 9 ਜੁਲਾਈ ਨੂੰ ਵਿਜੀਲੈਂਸ ਬਿਓਰੋ ਵੱਲੋਂ ਪਾਤੜਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਸਿਵਲ ਸਰਜਨ ਬਠਿੰਡਾ ਦੇ ਵਾਰਡ ਅਟੈਂਡੈਂਟ ਰਾਜ ਸਿੰਘ ਨੂੰ ਦਰਜ ਕੇਸ ਫੌਰੀ ਰੱਦ ਕਰ ਕੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਰਾਜ ਸਿੰਘ ਆਪਣੇ ਅਫ਼ਸਰਾਂ ਦੇ ਹੁਕਮ ਤਹਿਤ ਹੀ ਪਾਤੜਾਂ ਵਿੱਚ ਇੱਕ ਅਲਟਰਾ ਸਾਊਂਡ ਸੈਂਟਰ ’ਤੇ ਗਿਆ ਸੀ ਅਤੇ ਉਥੇ ਹੀ ਉਸ ਦੀ ਗ੍ਰਿਫ਼ਤਾਰੀ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਅਧਿਕਾਰੀਆਂ ਨੇ ਰਾਜ ਸਿੰਘ ਦਾ ਪੱਖ ਪੂਰਨ ਦੀ ਬਜਾਏ ਉਸ ਨੂੰ ਵਿਜੀਲੈਂਸ ਹਵਾਲੇ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਸਰਜਨ ਬਠਿੰਡਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਬਠਿੰਡਾ ਵੱਲੋਂ ਜੋ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ, ਉਸ ਵਿੱਚ ਅਹਿਮ ਤੱਥਾਂ ਨੂੰ ਲੁਕੋਇਆ ਗਿਆ ਹੈ। ਧਰਨਾਕਾਰੀਆਂ ਨੇ ਦਾਅਵਾ ਕੀਤਾ ਕਿ ਰਾਜ ਸਿੰਘ ਬਿਲਕੁਲ ਨਿਰਦੋਸ਼ ਹੈ। ਉਹ ਆਪਣੀ ਸਰਕਾਰੀ ਡਿਊਟੀ ਕਰਨ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਸ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੂਰੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਨਵੀਂ ਮੰਗ ਕੀਤੀ ਕਿ ਪੂਰੇ ਘਟਨਾਕ੍ਰਮ ਦੇ ਮੁਲਜ਼ਮ ਅਫ਼ਸਰਾਂ ਵਿਰੁੱਧ ਵੀ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੰਘਰਸ਼ ਨੂੰ ਤਿੱਖਾ ਕਰਨ ਲਈ ਹੋਰਨਾਂ ਵਿਭਾਗਾਂ ਦੀਆਂ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਕਾਰਣ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਦੀ ਜ਼ਿੰਮੇਵਾਰੀ ਨਿਰੋਲ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੈ। ਇਸ ਮੌਕੇ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਐਮਐਲਟੀ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ, ਬਲਦੇਵ ਸਿੰਘ ਰੋਮਾਣਾ, ਡਾਕਟਰ ਯੂਨੀਅਨ ਦੇ ਪ੍ਰਧਾਨ ਡਾ. ਗੁਰਮੇਲ ਸਿੰਘ, ਨਰਿੰਦਰ ਬਠਿੰਡਾ, ਅਮਿਤ ਕੁਮਾਰ, ਡਰਾਈਵਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ, ਪੈਰਾ ਮੈਡੀਕਲ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ, ਜਸਵਿੰਦਰ ਸ਼ਰਮਾ, ਨਰਸਿੰਗ ਐਸੋਸੀਏਸ਼ਨ ਬਠਿੰਡਾ ਦੇ ਖੁਸ਼ਪ੍ਰੀਤ ਕੌਰ, ਫਾਰਮੇਸੀ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਕੁਲਵਿੰਦਰ ਸਿੰਘ, ਹੋਮਿਓਪੈਥਿਕ ਯੂਨੀਅਨ ਦੇ ਡਾ. ਪੋਮਲਪ੍ਰੀਤ ਬੁੱਟਰ, ਵੀਰ ਭਾਨ ਤੇ 108 ਐਬੂਲੈਂਸ ਯੂਨੀਅਨ ਦੇ ਨੁਮਾਇੰਦੇ ਮੌਜੂਦ ਸਨ।