ਪੱਤਰ ਪ੍ਰੇਰਕ
ਬਠਿੰਡਾ, 3 ਜੂਨ
ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਸਵੇਰੇ ਵਿਸ਼ਵ ਸਾਈਕਲ ਦਿਵਸ 2022 ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਰੈਲੀ ਵਿੱਚ ਤਕਰੀਬਨ 100 ਖਿਡਾਰੀਆਂ ਵਲੋਂ ਹਿੱਸਾ ਲਿਆ ਗਿਆ। ਰੈਲੀ ਨੂੰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਤੇ ਤੰਦਰੁਸਤ ਸਿਹਤ ਬਣਾਉਣਾ ਹੈ। ਰੈਲੀ ਦੀ ਸ਼ੁਰੂਆਤ ਸਥਾਨਕ ਬਹੁ-ਮੰਤਵੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਹਨੂੰਮਾਨ ਚੌਕ ਤੋਂ ਹੁੰਦਿਆਂ ਹੋਇਆ ਰੋਜ਼ ਗਾਰਡਨ ਵਿੱਚ ਸਮਾਪਤ ਹੋਈ।
ਮਾਨਸਾ (ਪੱਤਰ ਪ੍ਰੇਰਕ): ਇੱਥੇ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ ਨੌਜਵਾਨਾਂ ਨੇ ਸਾਈਕਲਿੰਗ ਕਰਦਿਆਂ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੱਡੀਆਂ ਦਾ ਸਫਰ ਘਟਾ ਕੇ ਸਾਈਕਲ ਦੀ ਸਵਾਰੀ ਨੂੰ ਪਹਿਲ ਦੇਣ।
ਮਾਨਸਾ ਸਾਈਕਲ ਗਰੁੱਪ ਨੇ ਵੀ ਡਾ. ਜਨਕ ਰਾਜ, ਸੰਜੀਵ ਪਿੰਕਾ ਦੀ ਅਗਵਾਈ ਹੇਠ ਅੱਜ 20 ਕਿਲੋਮੀਟਰ ਸਾਈਕਲ ਚਲਾ ਕੇ ਸਨੇਹਾ ਦਿੱਤਾ ਕਿ ਚੰਗੀ ਸਿਹਤ ਲਈ ਮੁੜ ਸਾਈਕਲ ਦੀ ਸਵਾਰੀ ’ਤੇ ਆਉਣਾ ਪਵੇਗਾ।
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਨਹਿਰੂ ਯੁਵਾ ਕੇਂਦਰ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ। ਜ਼ਿਲ੍ਹਾ ਯੂਥ ਅਫਸਰ ਓਮਕਾਰ ਸਵਾਮੀ ਨੇ ਦੱਸਿਆ ਕਿ ਸਾਈਕਲ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤਾਜੋਕੇ ਦੇ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕਰਨਾ ਸੀ।