ਬਠਿੰਡਾ, 28 ਜੁਲਾਈ
ਬਠਿੰਡਾ ਵਿੱਚ ਅੱਜ ਹਲਕੀ ਬਰਸਾਤ ਨੇ ਨਿਗਮ ਦੇ ਮਾੜੇ ਪ੍ਰਬੰਧ ਦੀ ਪੋਲ ਖੋਲ੍ਹ ਦਿੱਤੀ। ਅੱਜ ਸ਼ਹਿਰ ਦੇ ਅੰਦੂਰਨੀ ਖੇਤਰਾਂ ਵਿੱਚ ਮੀਂਹ ਪਿਆ ਜਦਕਿ ਬਾਹਰੀ ਖੇਤਰ ਸੁੱਕਾ ਰਿਹਾ। ਗਰਮੀ ਅਤੇ ਹੁੰਮਸ ਭਰੇ ਮਾਹੌਲ ਵਿੱਚ ਸ਼ਹਿਰ ਵਾਸੀਆਂ ਨੇ ਮੀਂਹ ਦਾ ਆਨੰਦ ਲਿਆ। ਅੱਜ ਗੋਨਿਆਣਾ ਰੋਡ, ਗਣੇਸਾ ਬਸਤੀ, ਪਾਵਰ ਹਾਊਸ ਰੋਡ, ਟੀਚਰ ਹੋਮ ਨੇੜਲੇ ਨੀਵੇਂ ਖੇਤਰਾਂ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਵੱਲੋਂ ਅਜੇ ਤੱਕ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਨਗਰ ਦੇ ਨਿਗਮ ਕਮਿਸ਼ਨਰ ਕੋਲ ਸ਼ਹਿਰ ਦਾ ਗੇੜਾ ਮਾਰਨ ਦਾ ਸਮਾਂ ਨਹੀਂ ਜਦੋਂਕਿ ਉਹ ਸੀਵਰੇਜ ਦੇ ਮਾੜੇ ਪ੍ਰਬੰਧਾਂ ਬਾਰੇ ਪਹਿਲਾਂ ਹੀ ਜਾਣੂ ਕਰਵਾ ਚੁੱਕੇ ਹਨ। ਸ੍ਰੀ ਢਿੱਲੋਂ ਨੇ ਕਿਹਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਵੱਲੋਂ ਡਿਸਪੋਜ਼ਲ ਮੋਟਰਾਂ ਅਤੇ ਜੈਨਰੇਟਰਾਂ ਦੀ ਮੁਰੰਮਤ ਕਰਵਾਉਣ ਤੋਂ ਇਲਾਵਾ ਤੇਲ ਦਾ ਵੀ ਯੋਗ ਪ੍ਰਬੰਧ ਕਰਨਾ ਜ਼ਰੂਰੀ ਹੈ ਪਰ ਅੱਜ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ 25 ਹਜ਼ਾਰ ਤੋਂ ਵੱਧ ਰੋਡ ਜਾਲੀਆਂ ਹਨ ਜਿਨ੍ਹਾਂ ਦੀ ਹੁਣ ਤੱਕ ਸਫ਼ਾਈ ਨਹੀਂ ਕੀਤੀ ਗਈ ਨਾ ਹੀ ਬਠਿੰਡਾ ਵਿੱਚ ਟੋਭਿਆਂ ਦੀ ਸਫ਼ਾਈ ਹੋਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ 25 ਹਜ਼ਾਰ ਤੋਂ ਵੱਧ ਰੋਡ ਜਾਲੀਆਂ ਹਨ, ਜਿਨ੍ਹਾਂ ਦੀ ਹੁਣ ਤੱਕ ਸਫ਼ਾਈ ਨਹੀਂ ਕੀਤੀ ਗਈ ਨਾ ਹੀ ਬਠਿੰਡਾ ਵਿੱਚ ਟੋਭਿਆ ਦੀ ਸਫ਼ਾਈ ਹੋਈ ਹੈ। ਜ਼ਿਕਰਯੋਗ ਹੈ ਕਿ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਸ਼ਹਿਰ ਦੇ ਸੀਵਰੇਜ ਦਾ ਪ੍ਰਬੰਧ ਵੇਖ ਰਹੀ ਤ੍ਰਿਵੇਣੀ ਕੰਪਨੀ ’ਤੇ ਵੀ ਉਂਗਲ ਉੱਠੀ ਸੀ।