ਸ਼ਗਨ ਕਟਾਰੀਆ
ਬਠਿੰਡਾ, 26 ਮਾਰਚ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ ਚਾਰ ਮਹੀਨੇ ਬੀਤਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਭਾਰਤ ਬੰਦ’ ਦੇ ਸੱਦੇ ਨੂੰ ਜ਼ਿਲ੍ਹੇ ’ਚ ਭਰਵਾਂ ਹੁੰਘਾਰਾ ਮਿਲਿਆ। ਸੜਕਾਂ ’ਤੇ ਆਵਾਜਾਈ ਠੱਪ ਰਹੀ ਅਤੇ ਬਾਜ਼ਾਰਾਂ ’ਚ ਪਸਰੀ ਸੁੰਨ ਕਾਰਣ ‘ਉੱਲੂ ਬੋਲਦੇ’ ਸਨ। ਸਿਹਤ ਸੇਵਾਵਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਬਾਕੀ ਕਾਰੋਬਾਰ ਠੱਪ ਰਹੇ। ਵਿਖਾਵਾਕਾਰੀਆਂ ਨੇ ਮੋਦੀ ਹਕੂਮਤ ’ਤੇ ਤਾਨਸ਼ਾਹ ਹੋਣ ਦਾ ਦੋਸ਼ ਲਾਉਂਦਿਆਂ ਖੇਤੀ ਕਾਨੂੰਨ ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ।
ਇੱਥੇ ਭਾਈ ਘਨੱਈਆ ਚੌਕ ’ਚ ਵੱਖ-ਵੱਖ ਕਿਸਾਨ ਯੂਨੀਅਨਾਂ, ਆੜ੍ਹਤੀਆਂ ਤੇ ਹਮ-ਖ਼ਿਆਲ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਇਥੇ ਭਾਕਿਯੂ (ਸਿੱਧੂਪੁਰ) ਦੇ ਕਾਕਾ ਸਿੰਘ ਕੋਟੜਾ, ਬੀਕੇਯੂ (ਡਕੌਂਦਾ) ਦੇ ਬਲਵਿੰਦਰ ਸਿੰਘ ਜੇਠੂਕੇ, ਭਾਕਿਯੂ (ਮਾਨਸਾ) ਦੇ ਜਗਸੀਰ ਸਿੰਘ ਜੀਦਾ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਹਨੀ, ਜਮਹੂਰੀ ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ, ਭਾਕਿਯੂ (ਲੱਖੋਵਾਲ) ਦੇ ਰਾਮਕਰਨ ਸਿੰਘ ਰਾਮਾ ਤੋਂ ਇਲਾਵਾ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਟੀਐਮਐਫ ਦੇ ਸਿਕੰਦਰ ਧਾਲੀਵਾਲ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਮੌੜ ਆਦਿ ਨੇ ਸੰਬੋਧਨ ਕੀਤਾ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਜ਼ਿਲ੍ਹੇ ’ਚ ਬਠਿੰਡਾ-ਬਾਦਲ ਰੋਡ ’ਤੇ ਪਿੰਡ ਘੁੱਦਾ, ਬਠਿੰਡਾ-ਅੰਮਿ੍ਰਤਸਰ ਰੋਡ ’ਤੇ ਪਿੰਡ ਜੀਦਾ, ਬਠਿੰਡਾ-ਚੰਡੀਗੜ੍ਹ ਰੋਡ ’ਤੇ ਲਹਿਰਾਬੇਗਾ ਤੇ ਰਾਮਪੁਰਾ, ਬਾਜਾਖਾਨਾ-ਬਰਨਾਲਾ ਰੋਡ ’ਤੇ ਭਗਤਾ ਭਾਈ ਵਿਖੇ ਧਰਨੇ ਲਾ ਕੇ ਸੜਕੀ ਆਵਾਜਾਈ ਰੋਕੀ। ਮੌੜ ਮੰਡੀ ਵਿਚ ਬਠਿੰਡਾ-ਜੀਂਦ ਰੇਲਵੇ ਟਰੈਕ ’ਤੇ ਵੀ ਧਰਨਾ ਲਾਇਆ ਗਿਆ। ਇਹਤਿਆਤ ਵਜੋਂ ਪੁਲੀਸ ਵੱਲੋਂ ਸਭ ਥਾਈਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਹਨ। ਉਗਰਾਹਾਂ ਗਰੁੱਪ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਆਗੂ ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਜਸਵੀਰ ਸਿੰਘ ਬੁਰਜ ਸੇਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਟੀਐਸਯੂ ਦੇ ਆਗੂ ਗੁਰਮੇਲ ਭਾਗੂ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਜਗਜੀਤ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਗਦੀਸ਼ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
ਭਾਰਤ ਬੰਦ ਦੌਰਾਨ ਬਾਜ਼ਾਰਾਂ ਤੇ ਦਫ਼ਤਰਾਂ ’ਚ ਸੁੰਨ ਪੱਸਰੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ’ਤੇ ਜ਼ਿਲ੍ਹੇ ਅੰਦਰ ਭਾਰਤ ਬੰਦ 100 ਫੀਸਦੀ ਸਫ਼ਲ ਰਿਹਾ। ਕੋਟਕਪੂਰਾ ਰੋਡ ਸਥਿਤ ਉਦੇਕਰਨ ਚੌਕ ’ਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ, ਜਿਸ ’ਚ ਕਿਸਾਨਾਂ ਤੋਂ ਇਲਾਵਾ ਮੁਲਾਜ਼ਮਾਂ ਤੇ ਮਜ਼ਦੂਰ ਵਰਗ ਦੇ ਲੋਕਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਗਦੇਵ ਸਿੰਘ ਕਾਨਿਆਂਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸੁਖਦੇਵ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਪਾਸ ਕੀਤੇ ਹਨ, ਉਹ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਪਾਸ ਕੀਤੇ ਹਨ। ਜੇ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਦੇਸ਼ ਦੀ ਕਿਸਾਨੀ ਖ਼ਤਮ ਹੋ ਜਾਵੇਗੀ ਤੇ ਦਾ ਖਾਮਿਆਜਾ ਹਰ ਵਰਗ ਨੂੰ ਭੁਗਤਣਾ ਪਵੇਗਾ।