ਪੱਤਰ ਪ੍ਰੇਰਕ
ਬਠਿੰਡਾ 17, ਅਕਤੂਬਰ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਪੋਰਟਲ ਸ਼ੁਰੂ ਕੀਤਾ ਗਿਆ ਹੈ। ਪੋਰਟਲ ਰਾਹੀਂ ਕੋਈ ਵੀ ਖੇਵਟ ਦਾਰ ਆਪਣੀ ਸਾਂਝੀ ਖੇਵਟ ਸਬੰਧੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਖਾਨਗੀ ਤਕਸੀਮ ਦਾ ਦਸਤਾਵੇਜ਼ ਸ਼ਾਮਲ ਕਰਕੇ ਦਰਖਾਸਤ ਪੋਰਟਲ ’ਤੇ ਅਪਲੋਡ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਤਕਸੀਮ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋਵੇਗੀ, ਜ਼ਮੀਨ ਦੀ ਖ਼ਰੀਦ-ਫਰੋਖ਼ਤ ਵਿੱਚ ਆਸਾਨੀ ਹੋਵੇਗੀ। ਵੱਖਰੇ ਖਾਤੇ ਹੋਣ ਨਾਲ ਆਪਸੀ ਝਗੜਿਆਂ ਵਿੱਚ ਕਮੀ ਆਵੇਗੀ, ਖਰਾਬੇ ਦਾ ਮੁਆਵਜ਼ਾ ਲੈਣਾ ਆਸਾਨ ਹੋਵੇਗਾ, ਜਮ੍ਹਾਂਬੰਦੀ ਦੀ ਨਕਲ ਸਸਤੀ ਪ੍ਰਾਪਤ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਜ਼ਮੀਨ ਦਾ ਮਾਲਕ ਖਾਨਗੀ ਤਕਸੀਮ ਸਬੰਧੀ ਅਰਜ਼ੀ ਆਨਲਾਈਨ ਪੋਰਟਲ https//eservices.punjab.gov.in ਉਪਰ ਦਰਜ ਕਰ ਸਕਦਾ ਹੈ ਅਤੇ ਆਪਣੀ ਅਰਜ਼ੀ ਦੀ ਸਥਿਤੀ ਵੀ ਜਾਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ’ਤੇ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਲਈ ਵਿਭਾਗ ਦੇ ਸਰਕਲ ਮਾਲ ਅਫ਼ਸਰ (ਤਹਿਸੀਲਦਾਰ, ਨਾਇਬ ਤਹਿਸੀਲਦਾਰ) ਕਾਨੂੰਗੋ ਅਤੇ ਪਟਵਾਰੀ ਦੇ ਲਾਗ-ਇੰਨ ਆਈ.ਡੀਜ਼. ਤਿਆਰ ਕਰਕੇ ਸਬੰਧਤ ਜ਼ਿਲ੍ਹਾ ਮਾਲ ਅਫ਼ਸਰ ਨੂੰ ਈਮੇਲ ਰਾਹੀਂ ਭੇਜੇ ਜਾ ਰਹੇ ਹਨ।