ਗੁਰਜੰਟ ਕਲਸੀ ਲੰਡੇ
ਸਮਾਲਸਰ, 15 ਅਪਰੈਲ
ਕਣਕ ਦੇ ਬਾਰੀਕ ਦਾਣਿਆਂ ਦਾ ਬਹਾਨਾ ਬਣਾ ਕੇ ਕਣਕ ਖਰੀਦਣ ਤੋਂ ਇਨਕਾਰ ਕਰਨ ਵਾਲੇ ਪਨਸਪ ਦੇ ਇੰਸਪੈਕਟਰ ਨੇ ਅੱਜ ਸਥਾਨਕ ਦਾਣਾ ਮੰਡੀ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਹੇਠ ਸਟੇਜ ’ਤੇ ਆ ਕੇ ਮੁਆਫੀ ਮੰਗੀ ਅਤੇ ਕਿਸਾਨ ਦੀ ਪੂਰੀ ਕਣਕ ਦੀ ਖਰੀਦ ਕੀਤੀ। ਬੀਕੇਯੂ ਦੇ ਪ੍ਰੈਸ ਸਕੱਤਰ ਗੁਰਤੀਰ ਸਿੰਘ ਚੀਦਾ ਨੇ ਦੱਿਸਆ ਕਿ ਸਮਾਲਸਰ ਦਾ ਕਿਸਾਨ ਸੁਰਜੀਤ ਸਿੰਘ ਪੁੱਤਰ ਲਛਮਣ ਸਿੰਘ ਬੀਤੇ ਦਿਨ ਸਥਾਨਕ ਦਾਣਾ ਮੰਡੀ ਵਿਚ ਕਣਕ ਵੇਚਣ ਲਈ ਲਿਆਇਆ ਸੀ। ਪਨਸਪ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਣਕ ਦੇ ਦਾਣੇ ਬਾਰੀਕ ਹੋਣ ਦਾ ਬਹਾਨਾ ਬਣਾ ਕੇ ਕਣਕ ਨੂੰ ਮੰਡੀ ਵਿਚੋਂ ਬਾਹਰ ਲਿਜਾਣ ਲਈ ਕਹਿ ਦਿੱਤਾ। ਸੁਰਜੀਤ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਬਾਘਾ ਪੁਰਾਣਾ ਕੋਲ ਪਹੁੰਚ ਕੀਤੀ। ਬੀਕੇਯੂ ਇਕਾਈ ਬਾਘਾਪੁਰਾਣਾ ਨੇ ਜਨਰਲ ਸਕੱਤਰ ਹਰਮੰਦਰ ਸਿੰਘ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ, ਔਰਤਾਂ ਨੇ ਸਥਾਨਕ ਦਾਣਾ ਮੰਡੀ ਵਿਚ ਇੰਸਪੈਕਟਰ ਸੁਰਿੰਦਰ ਸਿੰਘ ਦੇ ਖ਼ਿਲਾਫ਼ ਧਰਨਾ ਲਾ ਦਿੱਤਾ। ਇਸ ਮੌਕੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੀ ਸਟੇਜ ਤੋਂ ਮੁਆਫੀ ਮੰਗੀ ਅਤੇ ਕਿਸਾਨ ਸੁਰਜੀਤ ਸਿੰਘ ਦੀ ਪੂਰੀ ਦੀ ਪੂਰੀ ਕਣਕ ਦੀ ਖਰੀਦ ਕੀਤੀ। ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਕਣਕ ਖਰੀਦ ਜਾਂ ਪਾਸ ਤਾਂ ਸਰਕਾਰੀ ਹਦਾਇਤਾਂ ਅਨੁਸਾਰ ਹੀ ਕੀਤੀ ਜਾਂਦੀ ਹੈ। ਫਿਰ ਵੀ ਜੇ ਪੀੜਤ ਕਿਸਾਨ ਨੇ ਸਰਕਾਰੀ ਹਦਾਇਤਾਂ ਅਨੁਸਾਰ ਉਸ ਦੀ ਗੱਲ ਨਹੀਂ ਸਮਝੀ ਤਾਂ ਉਸ ਨੂੰ ਇਸ ਦਾ ਬੜਾ ਅਫਸੋਸ ਹੈ। ਉਸ ਨੇ ਕੋਈ ਵੀ ਅਜਿਹੀ ਗੱਲ ਨਹੀਂ ਕਹੀ ਜੋ ਕਿ ਕਿਸਾਨ ਦੇ ਹਿਰਦੇ ਨੂੰ ਵਲੂੰਧਰਦੀ ਹੋਵੇ।