ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਨਵੰਬਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ’ਚ ਜਾਰੀ 6ਵਾਂ ਅੰਤਰ-ਜ਼ੋਨਲ ਯੁਵਕ ਮੇਲਾ ‘ਮਾਣ ਵਤਨਾਂ ਦਾ’ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਸੁਨੇਹੇ ਨਾਲ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਮੇਲੇ ’ਚ ਭਾਗੀਦਾਰ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਐੱਮਆਰਐੱਸਪੀਟੀਯੂ ਮੁੱਖ ਕੈਂਪਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਹਾਸਿਲ ਕੀਤੀ। ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦਿਓਣ ਨੇ ਦੂਜਾ ਸਥਾਨ ਹਾਸਿਲ ਕਰਕੇ ਰਨਰਅੱਪ ਟਰਾਫ਼ੀ ’ਤੇ ਕਬਜ਼ਾ ਜਮਾਇਆ ਜਦ ਕਿ ਯੰਗ ਸਕਾਲਰਜ਼ ਕਾਲਜ ਹੰਡਿਆਇਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੇਲੇ ਵਿੱਚ ਮਾਨਤਾ ਪ੍ਰਾਪਤ ਕਾਲਜਾਂ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੁਵਕ ਮੇਲਾ ਨੌਜਵਾਨ ਪ੍ਰਤਿਭਾ ਲਈ ਇੱਕ ਵਿਲੱਖਣ ਪਲੇਟਫਾਰਮ ਹੈ ਅਤੇ ਇਹ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਨਵੀਨਤਾ ਦਾ ਜਸ਼ਨ ਹੈ।
ਮਲੋਟ ਕਾਲਜ ’ਚ ਯੂਥ ਫੈਸਟੀਵਲ ਯਾਦਗਾਰੀ ਹੋ ਨਬਿੜਿਆ
ਮਲੋਟ (ਨਿੱਜੀ ਪੱਤਰ ਪ੍ਰੇਰਕ): ਸਹਿ-ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਉਲੀਕਿਆ ਗਿਆ ਯੂਥ ਅਤੇ ਹੈਰੀਟੇਜ ਫੈਸਟੀਵਲ ਪੰਜਵੇਂ ਦਿਨ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਫੈਸਟੀਵਲ ਵਿਚ ਮੁਕਤਸਰ ਜ਼ੋਨ ਦੇ 24 ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਯੂਥ ਫੈਸਟੀਵਲ ਦਾ ਸ਼ੁੱਭ ਆਰੰਭ ਡਿਪਟੀ ਕਮੀਸ਼ਨਰ ਮੁਕਤਸਰ ਹਰਪ੍ਰੀਤ ਸਿੰਘ ਸੂਦਨ ਨੇ ਕੀਤਾ। ਪ੍ਰੋਗਰਾਮ ਦੇ ਅਖੀਰ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿਰਕਤ ਕੀਤੀ।