ਪਵਨ ਗੋਇਲ
ਭੁੱਚੋ ਮੰਡੀ, 6 ਜੁਲਾਈ
ਇਲਾਕੇ ਵਿੱਚ ਅੱਜ ਦੁਪਹਿਰ ਸਮੇਂ ਪਏ ਭਾਰੀ ਮੀਂਹ ਨੇ ਕਿਸਾਨ ਅਤੇ ਲੋਕ ਬਾਗ਼ੋ-ਬਾਗ਼ ਕਰ ਦਿੱਤੇ। ਇਸ ਮੀਂਹ ਨਾਲ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨ ਇਸ ਮੀਂਹ ਨੂੰ ਝੋਨੇ, ਨਰਮੇ ਅਤੇ ਹੋਰ ਫਸਲਾਂ ਲਈ ਵਰਦਾਨ ਦੱਸ ਰਹੇ ਹਨ। ਦੂਜੇ ਪਾਸੇ ਨਿਕਾਸੀ ਦੇ ਨਾਕਸ ਪ੍ਰਬੰਧਾਂ ਕਾਰਨ ਸ਼ਹਿਰ ਦੀਆਂ ਸੜਕਾਂ, ਪਾਰਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਪਿੰਡ ਤੁੰਗਵਾਲੀ ਵਿੱਚ ਬੱਸ ਅੱਡੇ ਨੇੜਲੇ ਛੱਪੜ ਦਾ ਪਾਣੀ ਓਵਰ ਫਲੋਅ ਹੋ ਕੇ ਗਲੀਆਂ ਰਾਹੀਂ ਛੱਪੜ ਵਿੱਚ ਪੈਣ ਲੱਗ ਪਿਆ ਸੀ ਅਤੇ ਗੁਰਦੁਆਰਾ ਅਟਾਰੀ ਸਾਹਿਬ ਵਾਲੀ ਗਲੀ ਵਿੱਚ ਵੀ ਪਾਣੀ ਭਰਿਆ ਹੋਇਆ ਸੀ। ਇਸ ਮੀਂਹ ਨੇ ਭੁੱਚੋ ਮੰਡੀ ਦੇ ਸੀਵਰੇਜ ਦੀ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ ਹੈ। ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਕਿਹਾ ਕਿ ਸੀਵਰੇਜ ਦੇ ਟੈਂਕਾਂ ਅਤੇ ਸੈਕਸ਼ਨਾਂ ਦੀ ਸਪੈਸ਼ਲ ਟੀਮ ਨੇ ਪੂਰੀ ਸਫਾਈ ਕਰ ਦਿੱਤੀ ਹੈ ਅਤੇ ਝੰਡੂਕੇ ਦੇ ਡਰੇਨ ਤੱਕ ਪਾਈ ਪਾਈਪ ਲਾਈਨ ਦੀਆਂ ਟੁਟੀਆਂ ਪਾਈਪਾਂ ਵੀ ਬਦਲ ਦਿੱਤੀਆਂ ਹਨ। ਅੱਜ ਸ਼ਾਮ ਤੱਕ ਸ਼ਹਿਰ ਦੀ ਨਿਕਾਸੀ ਸਹੀ ਢੰਗ ਨਾਲ ਚਾਲੂ ਹੋ ਜਾਵੇਗੀ। ਇਸ ਤੋਂ ਬਾਅਦ ਦੂਸ਼ਿਤ ਜਲ ਸਪਲਾਈ ਵੀ ਦਰੁਸਤ ਕਰ ਦਿੱਤੀ ਜਾਵੇਗੀ। ਲੋਕਾਂ ਨੂੰ ਜਲਦੀ ਹੀ ਸ਼ੁੱਧ ਪਾਣੀ ਸਪਲਾਈ ਹੋਣਾ ਸ਼ੁਰੂ ਹੋ ਜਾਵੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਦੁਪਹਿਰ ਤੋਂ ਪੈਣ ਲੱਗੇ ਮੀਂਹ ਨੇ ਮਾਨਸਾ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਮੁੜ ਪੋਲ-ਖੋਲਕੇ ਰੱਖ ਦਿੱਤੀ ਹੈ। ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਹੈ। ਸ਼ਹਿਰ ਦੇ ਅੰਡਰਬ੍ਰਿਜ ਵਿੱਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ। ਅੱਜ ਖੇਤਾਂ ਵਿੱਚ ਅੰਬਰੀ ਡਿੱਗੇ ਪਾਣੀ ਕਾਰਨ ਧੜਾਧੜ ਰਹਿੰਦੇ ਝੋਨਾ ਲਾਇਆ ਜਾ ਰਿਹਾ ਸੀ ਅਤੇ ਖੇਤਾਂ ਵਿੱਚ ਯੂਰੀਆ ਖਾਦ ਦਾ ਛਿੱਟਾ ਦਿੱਤਾ ਜਾ ਰਿਹਾ ਸੀ।
ਖੇਤੀ ਵਿਭਾਗ ਨੇ ਇਸ ਮੀਂਹ ਨੂੰ ਝੋਨੇ ’ਤੇ ਸਭ ਤੋਂ ਵਧੀਆ ਟਾਨਿਕ ਕਰਾਰ ਦਿੱਤਾ ਹੈ।
ਦੂਜੇ ਪਾਸੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਅਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਫ਼ਸਲ ਮੱਚਣ ਤੋਂ ਰੁਕ ਜਾਵੇਗੀ।
ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲੱਗਿਆ ਜਾਮ
ਬਠਿੰਡਾ (ਮਨੋਜ ਸ਼ਰਮਾ): ਇਲਾਕੇ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਨਾਲ ਮੌਸਮ ਖੁਸ਼ਗਵਾਰ ਹੋ ਗਿਆ। ਮੀਂਹ ਜਿੱਥੇ ਹੁੰਮਸ ਵਾਲੀ ਗਰਮੀ ਤੋਂ ਰਾਹਤ ਮਿਲੀ, ਉੱਥੇ ਬਠਿੰਡਾ ਵਿੱਚ 30 ਮਿੰਟ ਪਏ ਮੀਂਹ ਨਾਲ ਹਰ ਪਾਸੇ ਜਲ-ਥਲ ਹੋ ਗਿਆ। ਸਲੱਮ ਖੇਤਰਾਂ ਵਿੱਚ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ। ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਬਣੀਆਂ ਫੋਰ ਲੇਨ ਸੜਕਾਂ ’ਤੇ ਜਲ-ਥਲ ਹੋ ਗਿਆ ਜਿਸ ਕਾਰਨ ਰਾਹਗੀਰ ਪਾਣੀ ਵਿੱਚ ਘਿਰੇ ਰਹੇ ਅਤੇ ਜਾਮ ਵਰਗੀ ਸਥਿਤੀ ਬਣੀ ਰਹੀ।
ਪਿੰਡ ਦੀਨਾ ਸਾਹਿਬ ਦੇ ਘਰਾਂ ਵਿੱਚ ਵੜਿਆ ਪਾਣੀ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਅੱਜ ਦੁਪਹਿਰ ਸਮੇਂ ਨਿਹਾਲ ਸਿੰਘ ਵਾਲਾ ਅਤੇ ਹਲਕੇ ਵਿੱਚ ਹੋਈ ਤੇਜ਼ ਬਾਰਿਸ਼ ਨਾਲ ਜਿੱਥੇ ਅਤਿ ਦੀ ਗਰਮੀ ਤੋਂ ਰਾਹਤ ਮਿਲੀ, ਉੱਥੇ ਨੀਵੇਂ ਥਾਵਾਂ ’ਤੇ ਪਾਣੀ ਭਰ ਗਿਆ। ਇਸ ਦੌਰਾਨ ਸੀਵਰੇਜ ਦੀਆਂ ਖਾਮੀਆਂ ਦੀ ਪੋਲ ਖੁੱਲ੍ਹ ਗਈ। ਪਿੰਡ ਦੀਨਾ ਸਾਹਿਬ ਵਿੱਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਘਰਾਂ ਵਿੱਚ ਪਾਣੀ ਵੜ ਗਿਆ। ਇਸ ਮੌਕੇ ਚਰਨਜੀਤ ਸਿੰਘ ਤੇ ਪਰਮਜੀਤ ਸਿੰਘ ਰਾਜੇਕੇ ਦੇ ਘਰ ਅੰਦਰ ਲਾਗਲੇ ਛੱਪੜ ਦਾ ਗੰਦਾ ਪਾਣੀ ਦਾਖਲ ਹੋ ਗਿਆ। ਗੋਡੇ ਗੋਡੇ ਪਾਣੀ ਭਰਨ ਕਾਰਨ ਘਰ ਅੰਦਰ ਪਿਆ ਕੀਮਤੀ ਸਾਮਾਨ ਬੈੱਡ ਤੇ ਪੇਟੀਆਂ ਤੋਂ ਇਲਾਵਾ ਰਸੋਈ ਅੰਦਰ ਪਿਆ ਖਾਣ-ਪੀਣ ਦਾ ਸਾਮਾਨ ਤੇ ਘਰ ਦੇ ਬਰਾਂਡਿਆਂ ਅੰਦਰ ਪਈ ਮੱਕੀ ਅਤੇ ਝੋਨੇ ਦੀ ਫ਼ਸਲ ਲਈ ਰੱਖੀ ਹੋਈ ਯੂਰੀਆ ਖਾਦ ਦੀਆਂ ਬੋਰੀਆਂ ਵੀ ਪਾਣੀ ’ਚ ਡੁੱਬ ਗਈਆਂ। ਪਸ਼ੂਆਂ ਦੇ ਢਾਰੇ ਅੰਦਰ ਵੀ ਪਾਣੀ ਦਾਖ਼ਲ ਹੋ ਜਾਣ ਕਾਰਨ ਪਸ਼ੂਆਂ ਦੇ ਬੈਠਣ ਲਈ ਵੀ ਜਗ੍ਹਾ ਵੀ ਨਹੀਂ ਬਚੀ। ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਦੀਨਾ ਨੇ ਕਿਹਾ ਕਿ ਪਾਣੀ ਦਾ ਸਹੀ ਨਿਕਾਸ ਨਾ ਹੋਣ, ਸੀਵਰੇਜ ਪਾਈਪ ਘੱਟ ਚੌੜੀ ਹੋਣ ਅਤੇ ਇੱਕ ਗਲੀ ਉੱਚੀ ਹੋਣ ਕਾਰਨ ਇਹ ਸਮੱਸਿਆ ਆਈ ਹੈ। ਉਨ੍ਹਾਂ ਅਤੇ ਜੋਧਾ ਸਿੰਘ, ਕਾਕਾ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਕੁਮਾਰ ਰਾਮੂੰ, ਪ੍ਰੀਤਮ ਸਿੰਘ ਆਦਿ ਨੇ ਮੰਗ ਕੀਤੀ ਕਿ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਧਰਤੀ ਦੀਨਾ ਸਾਹਿਬ ’ਚ ਸੀਵਰੇਜ ਪ੍ਰਬੰਧਾਂ ’ਚ ਸੁਧਾਰ ਲਿਆਂਉਦਾ ਜਾਵੇ।
ਰਾਹਗੀਰਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਅੱਜ ਬਾਅਦ ਦੁਪਹਿਰ ਇਸ ਇਲਾਕੇ ਅੰਦਰ ਪਏ ਮੋਹਲੇਧਾਰ ਮੀਂਹ ਨੇ ਜਿੱਥੇ ਲੋਕਾਂ ਦੀ ਬਸ ਕਰਵਾ ਦਿੱਤੀ, ਉੱਥੇ ਮੀਂਹ ਦੇ ਪਾਣੀ ਨਾਲ ਗਲੀਆਂ ਤੇ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਜਦਕਿ ਕਈ ਥਾਵਾਂ ’ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਲਗਾਤਾਰ 45 ਮਿੰਟ ਪਏ ਮੀਂਹ ਨਾਲ ਸਥਾਨਕ ਸ਼ਹਿਰ ਅਤੇ ਇਲਾਕੇ ’ਚ ਜਲ-ਥਲ ਹੋ ਗਿਆ ਤੇ ਲੋਕਾਂ ਨੂੰ ਆਉਣ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ। ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਝੋਨੇ ਵਾਲੇ ਕਿਸਾਨਾਂ ਲਈ ਇਹ ਮੀਂਹ ਵਰਦਾਨ ਸਾਬਤ ਹੋਇਆ ਹੈ।