ਮਨੋਜ ਸ਼ਰਮਾ
ਬਠਿੰਡਾ, 4 ਅਪਰੈਲ
ਬਠਿੰਡਾ ਜ਼ਿਲ੍ਹੇ ਦੀ ਹੱਦ ’ਤੇ ਵਸਿਆ ਪਿੰਡ ਗੰਗਾ ਅਬਲੂ ਕੀ ਇਨ੍ਹੀਂ ਦਿਨੀਂ ਪੀਲੀਏ ਦੇ ਕਹਿਰ ਵਿੱਚੋਂ ਗੁਜਰ ਰਿਹਾ ਹੈ। ਪਿੰਡ ਦੇ ਲੋਕਾਂ ਨੇ ਪੰਜਾਬੀ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਲਗਾਤਾਰ ਦੋ ਹਫ਼ਤਿਆਂ ਤੋਂ ਉਹ ਪੀਲੀਏ ਦੀ ਬਿਮਾਰੀ ਨਾਲ ਜੂਝ ਰਹੇ ਹਨ ਜਿਸ ਕਾਰਨ ਇਕ ਨੌਜਵਾਨ ਜਗਜੀਤ ਸਿੰਘ (18) ਪੁੱਤਰ ਮਹਿੰਦਰ ਸਿੰਘ ਦੀ ਪੀਲੀਏ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ ਜੋ ਵਾਲੀਬਾਲ ਦਾ ਉਭਰਦਾ ਖਿਡਾਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਪੀਲੀਏ ਦੀ ਲਪੇਟ ਵਿੱਚ ਆਏ ਨੌਜਵਾਨ ਰਮਜੋਤ ਸਿੰਘ, ਰਵੀ ਸਾਹਿਬ ਸਿੰਘ, ਅਰਮਾਨਪ੍ਰੀਤ, ਰਵਨੀਤ ਸਿੰਘ, ਅਮਨਦੀਪ ਕੌਰ, ਦਿਲਸ਼ਾਨ ਸਿੰਘ ਨੂੰ ਵੱਖ ਵੱਖ ਹਸਪਤਾਲਾਂ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਜਦੋਂਕਿ ਜਗਸੀਰ ਸਿੰਘ, ਲਾਭ ਸਿੰਘ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਅਮਨਦੀਪ ਸਿੰਘ ਅਤੇ ਹਰਬੀਰ ਸਿੰਘ ਆਪ ਇਸ ਬਿਮਾਰੀ ਤੋਂ ਪੀੜਤ ਹਨ ਜੋ ਵੱਖ ਵੱਖ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਕੱਸੀ ਦੀਆਂ ਟੇਲਾਂ ’ਤੇ ਹੋਣ ਕਾਰਨ ਸ਼ੁੱਧ ਪਾਣੀ ਤੋਂ ਵਾਂਝੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਜਲ ਘਰ ਨੂੰ ਸਪਲਾਈ ਹੁੰਦਾ ਕੱਸੀ ਵਿੱਚੋਂ ਵੀ ਗਰਾਊਂਡ ਵਾਟਰ ਪਿੰਡ ਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ।
ਪਿੰਡ ਦੇ ਇਕ ਨੌਜਵਾਨ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਿੰਡ ਵਿੱਚ ਇਕ ਗਲੀ ਜੋ ਤਿੰਨ ਸਾਲਾਂ ਤੋਂ ਕੱਚੀ ਹੋਣ ਕਾਰਨ ਇਸ ਵਿੱਚ ਗਲੀਆਂ ਨਾਲੀਆਂ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ ਅਤੇ ਪਾਣੀ ਦੀ ਲੀਕੇਜ ਵੀ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਵੀ ਓਵਰਫਲੋਅ ਰਹਿੰਦੇ ਹਨ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਪਿੰਡ ਵਿਚਲੇ ਗੰਦਗੀ ਵਾਲੇ ਛੱਪੜ ਅਤੇ ਗਲੀਆਂ ਵਿੱਚ ਖੜ੍ਹੇ ਪਾਣੀ ਨੂੰ ਬਾਹਰ ਕਢਵਾਇਆ ਜਾਵੇ।
ਇਸ ਸਬੰਧੀ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਦੋ ਦਰਜਨ ਦੇ ਕਰੀਬ ਪੀਲੀਏ ਦੇ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਪਿੰਡ ਲਈ ਪੀਣ ਵਾਲਾ ਪਾਣੀ ਦਾ ਵੱਡਾ ਸੰਕਟ ਹੈ ਅਤੇ ਧਰਤੀ ਹੇਠਲਾ ਪਾਣੀ ਮਾੜਾ ਹੈ। ਜਲ ਘਰ ਪਿੰਡ ਦੇ ਉੱਚੇ ਥਾਂ ’ਤੇ ਹੋਣ ਕਾਰਨ ਉੱਥੇ ਨਹਿਰੀ ਪਾਣੀ ਦੀ ਸਪਲਾਈ ਨਹੀਂ ਪਹੁੰਚਦੀ ਅਤੇ ਉਨ੍ਹਾਂ ਨੂੰ ਮਜਬੂਰਨ ਗਰਾਊਂਡ ਵਾਟਰ ਦੇਣਾ ਪੈ ਰਿਹਾ ਹੈ। ਪਿੰਡ ਵਿੱਚ ਕੱਚੀ ਗਲੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਦੋ ਪੱਤੀਆਂ ਦੀ ਆਪਸੀ ਖਿੱਚੋਤਾਣ ਦਾ ਇਹ ਨਤੀਜਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਮੇਆਣਾ ਰਜਵਾਹੇ ਵਿੱਚੋਂ ਪਿੰਡ ਲਈ ਪਾਈਪਲਾਈਨ ਦਿੱਤੀ ਜਾਵੇ ਤਾਂ ਜੋ ਪਿੰਡ ਵਿੱਚ ਸ਼ੁੱਧ ਪਾਣੀ ਪਹੁੰਚ ਸਕੇ।