ਪੱਤਰ ਪ੍ਰੇਰਕ
ਬਠਿੰਡਾ 3 ਨਵੰਬਰ
ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਮਾਰੇ ਗਏ ਛਾਪਿਆਂ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਵਿੱਚ ਅੱਜ ਐੱਨਆਈਏ ਦੇ ਛਾਪਿਆਂ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਦਿਆ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਕਚਹਿਰੀਆਂ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਕੋਰਟ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਲੰਘੀ 18 ਅਕਤੂਬਰ ਨੂੰ ਐੱਨਆਈਏ ਦੀ ਟੀਮ ਵੱਲੋਂ ਪੰਜਾਬ ਸਹਿਤ ਹਰਿਆਣਾ ਤੇ ਹੋਰਨਾਂ ਕਈ ਸੂਬਿਆਂ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਕੇਸ ਲੜਨ ਵਾਲੇ ਵਕੀਲਾਂ ਦੇ ਘਰਾਂ ਵਿੱਚ ਛਾਪੇ ਮਾਰੇ ਸਨ। ਇਸ ਦੌਰਾਨ ਹੀ ਬਠਿੰਡਾ ਕਚਹਿਰੀ ਕੰਪਲੈਕਸ ਕੰਮ ਕਰਦੇ ਸੀਨੀਅਰ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਮਾਰੇ ਗਏ ਛਾਪੇ ਦੌਰਾਨ ਨਾ ਸਿਰਫ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਸੀ ਬਲਕਿ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਸ਼ਰਮਾ ਨੇ ਦੋਸ਼ ਲਗਾਇਆ ਕਿ ਐੱਨਆਈਏ ਅਜਿਹੀਆਂ ਕਾਰਵਾਈਆਂ ਕਰ ਕੇ ਵਕੀਲਾਂ ਨੂੰ ਡਰਾਉਣਾ ਚਾਹੁੰਦੀ ਹੈ। ਐਡਵੋਕੇਟ ਸ਼ਰਮਾ ਨੇ ਇੱਥੇ ਕਿਹਾ ਕਿ ਉਹ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਨੂੰ ਨਿਆਂ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਹਾਲੇ ਤੱਕ ਐੱਨਆਈਏ ਵੱਲੋਂ ਨਾ ਤਾਂ ਉਸਦਾ ਮੋਬਾਈਲ ਵਾਪਸ ਕੀਤਾ ਗਿਆ ਹੈ ਅਤੇ ਨਾ ਹੀ ਉਸ ਨੂੰ ਕੇਸ ਬਾਰੇ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ।