ਪੱਤਰ ਪ੍ਰੇਰਕ
ਬਠਿੰਡਾ, 19 ਅਕਤੂਬਰ
ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਭਾਰਤੀਆ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਸੰਤਪੁਰਾ ਰੋਡ ਸਥਿਤ ਮੰਦਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ ਤੇ ਸ਼ੋਭਾ ਯਾਤਰਾ ਵੀ ਕੱਢੀ ਗਈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਵਾਲਮੀਕਿ ਧਰਮ ਸਮਾਜ ਦੀ ਲੀਡਰਸ਼ਿਪ ਵੀ ਹਾਜ਼ਰ ਰਹੀ। ਸ਼ੋਭਾ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਅਦਾ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਵਨ ਬਣਾਉਣ ਲਈ ਪੰਜ ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਇੱਕੀ ਹਜ਼ਾਰ ਰੁਪਏ ਵਿੱਤੀ ਮਦਦ ਕੀਤੀ ਗਈ। ਹਰਸਿਮਰਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਧਰਮ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸ਼ਰਧਾ ਪੂਰਵਕ ਹੈ ਤੇ ਸਮਾਜ ਨੂੰ ਵਾਲਮੀਕਿ ਭਾਈਚਾਰੇ ਦੀ ਸੋਚ ’ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੀ ਚੜ੍ਹਦੀਕਲਾ ਵਿੱਚ ਵਾਲਮੀਕਿ ਭਾਈਚਾਰੇ ਅਤੇ ਭਾਵਾਧਸ ਦਾ ਅਹਿਮ ਸਥਾਨ ਹੈ ਜੋ ਹਮੇਸ਼ਾਂ ਹੀ ਪਾਰਟੀ ਦੇ ਹਰ ਸੰਘਰਸ਼ ਵਿੱਚ ਡਟਵਾਂ ਸਾਥ ਦਿੰਦੇ ਹਨ।
ਬੋਹਾ (ਪੱਤਰ ਪ੍ਰੇਰਕ): ਵਾਲਮੀਕਿ ਸਮਾਜ ਧੋਣਾ ਪੱਤੀ ਬੋਹਾ ਵੱਲੋਂ ਮਹਾਂ ਰਿਸ਼ੀ ਵਾਲਮੀਕਿ ਦੀ ਦੇ ਜਨਮ ਦਿਹਾੜੇ ‘ਤੇ ਇਕ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਦੀ ਰਸਮ ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ ਉਪਲ ਨੇ ਕੀਤੀ।