ਮਨੋਜ ਸ਼ਰਮਾ
ਬਠਿੰਡਾ, 2 ਸਤੰਬਰ
ਲੰਪੀ ਸਕਿਨ ਕਾਰਨ ਮਰੀਆਂ ਸੈਂਕੜੇ ਗਾਵਾਂ ਕਾਰਨ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਨਗਰ ਨਿਗਮ ਬਠਿੰਡਾ ਦੀ ਕਾਰਗੁਜ਼ਾਰੀ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਜਾਗੋ ਗ੍ਰਾਹਕ ਜਾਗੋ ਸੰਸਥਾ ਦੇ ਪ੍ਰਧਾਨ ਸੰਜੀਵ ਗੋਇਲ ਨੇ ਕਿਹਾ ਕਿ ਇਸ ਲਈ ਨਗਰ ਨਿਗਮ ਬਠਿੰਡਾ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ ਕਿਉਂਕਿ ਲਾਵਾਰਿਸ ਪਸ਼ੂਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਨਿਗਮ ਦੀ ਹੁੰਦੀ ਹੈ। ਉਨ੍ਹਾਂ ਦੋਸ਼ ਲਾਏ ਕਿ ਜੇ ਸ਼ਹਿਰ ਵਿੱਚੋਂ ਗਊ ਸੈੱਸ ਇਕੱਠਾ ਕੀਤਾ ਜਾਂਦਾ ਹੈ ਤਾਂ ਇਸ ਤੋਂ ਇਕੱਤਰ ਰਕਮ ਦੀ ਵਰਤੋਂ ਗਾਵਾਂ ਦੀ ਸੰਭਾਲ ਲਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਸਾਲ 2021-22 ਦੌਰਾਨ ਨਿਗਮ ਨੇ ਗਊ ਸੈੱਸ ਵਜੋਂ 4.73 ਕਰੋੜ ਰੁਪਏ ਇਕੱਠੇ ਕੀਤੇ। ਸ਼ਹਿਰ ਦੀਆਂ ਗਊਸ਼ਾਲਾਵਾਂ ਨੂੰ 1.37 ਕਰੋੜ ਰੁਪਏ ਡਾਈਟ ਮਨੀ ਵਜੋਂ ਦਿੱਤੇ ਗਏ। ਪਰ ਅਫ਼ਸੋਸ ਪਸ਼ੂਆਂ ਦੇ ਇਲਾਜ ਲਈ ਨਿਗਮ ਨੇ ਕੋਈ ਖ਼ਰਚ ਨਹੀਂ ਕੀਤਾ। ਸੰਜੀਵ ਗੋਇਲ ਨੇ ਕਿਹਾ ਨਿਗਮ ਬਿਮਾਰ ਪਸ਼ੂਆਂ ਨੂੰ ਹਸਪਤਾਲ ਲਿਜਾਣ ਲਈ ਕੋਈ ਵਾਹਨ ਦਾ ਪ੍ਰਬੰਧ ਤਕ ਨਹੀਂ ਕਰ ਸਕਿਆ।
ਸਹਿਯੋਗ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਲੰਪੀ ਸਕਿਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਪਰ ਨਿਗਮ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹਾਲੇ ਵੀ ਵੱਡੀ ਗਿਣਤੀ ਵਿਚ ਲੰਪੀ ਸਕਿਨ ਤੋਂ ਬਿਮਾਰ ਪਸ਼ੂ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਡੇਅਰੀ ਮਾਲਕ ਵੀ ਬਿਮਾਰ ਪਸ਼ੂਆਂ ਨੂੰ ਸੜਕਾਂ ’ਤੇ ਛੱਡ ਦਿੰਦੇ ਹਨ।
ਇਸ ਸਬੰਧੀ ਨਗਰ ਨਿਗਮ ਦੀ ਕਮਿਸ਼ਨਰ ਡਾ. ਪੱਲਵੀ ਚੌਧਰੀ ਅਤੇ ਮੇਅਰ ਰਮਨ ਗੋਇਲ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਬਠਿੰਡਾ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਹਰਮੰਦਰ ਸਿੰਘ ਨੇ ਕਿਹਾ ਕਿ ਉਹ ਸਿਰਫ਼ ਗਊਸ਼ਾਲਾਵਾਂ ਲਈ ਡਾਈਟ ਮਨੀ ਹੀ ਦੇ ਸਕਦੇ ਹਨ। ਕਿਸੇ ਵੀ ਬਿਮਾਰ ਪਸ਼ੂ ਲਈ ਮੈਡੀਕਲ ਸਹਾਇਤਾ ਦੇਣ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ। ਉਨ੍ਹਾਂ ਕੋਲ ਪਸ਼ੂਆਂ ਦੇ ਇਲਾਜ ਲਈ ਮਾਹਿਰ ਡਾਕਟਰ ਦੀ ਆਸਾਮੀ ਵੀ ਨਹੀਂ ਹੈ।
ਲੰਪੀ ਸਕਿਨ ਕਾਰਨ ਦੋ ਗਾਵਾਂ ਦੀ ਮੌਤ
ਸ਼ਹਿਣਾ (ਪੱਤਰ ਪ੍ਰੇਰਕ): ਲੰਪੀ ਸਕਿਨ ਬਿਮਾਰੀ ਨਾਲ ਕਸਬੇ ਸ਼ਹਿਣਾ ਦੇ ਇੱਕ ਪਸ਼ੂ ਪਾਲਕ ਦੀਆਂ ਦੋ ਗਾਵਾਂ ਮਰ ਗਈਆਂ ਹਨ। ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦੀਆਂ 65-65 ਹਜ਼ਾਰ ਰੁਪਏ ਦੀ ਕੀਮਤ ਵਾਲੀਆਂ ਰਾਵੀ ਅਤੇ ਸਾਹੀਵਾਲ ਨਸਲ ਦੀਆਂ ਦੋ ਗਾਵਾਂ ਦੀ ਲੰਪੀ ਸਕਿਨ ਕਾਰਨ ਮੌਤ ਹੋ ਗਈ ਹੈ। ਲਗਭਗ 20 ਦਿਨ ਪਹਿਲਾਂ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਹੋ ਗਈ। ਇਸ ਮਗਰੋਂ ਚਮੜੀ ਦੀਆਂ ਗੰਢਾਂ ਨਾਲ ਪੈਰਾਂ ਨੂੰ ਸੋਜ ਆਉਣ ਕਾਰਨ ਕੀੜੇ ਪੈ ਕੇ ਪਸ਼ੂ ਮਰ ਗਏ। ਕਿਸਾਨ ਨੇ ਗਊਆਂ ਦੇ ਇਲਾਜ ’ਤੇ ਵੀ 18 ਹਜ਼ਾਰ ਰੁਪਏ ਖ਼ਰਚ ਕੀਤੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਪੀੜਤ ਪਸ਼ੂ ਪਾਲਕਾਂ ਲਈ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।