ਸ਼ਗਨ ਕਟਾਰੀਆ
ਬਠਿੰਡਾ, 5 ਜੂਨ
ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੀ ਕਾਇਆ-ਕਲਪ ਕਰਨ ਦੇ ਮਕਸਦ ਨਾਲ ਬਹੁ-ਕਰੋੜੀ ਡਿਜੀਟਲ ਲਾਇਬ੍ਰੇਰੀ ਅਤੇ ਸਮਾਰਟ ਸਕੂਲ ਦੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਇਕ ਪਾਰਕ ਦਾ ਉਦਘਾਟਨ ਕੀਤਾ।
ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਮੌਕੇ ਵਿੱਤ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ’ਚ 6.50 ਕਰੋੜ ਰੁਪਏ ਨਾਲ 1.26 ਏਕੜ ਵਿੱਚ ਬਣਨ ਵਾਲੀ ਇਹ ਸੂਬੇ ਦੀ ਪਹਿਲੀ ਤਿੰਨ-ਮੰਜ਼ਿਲਾ ਅਤਿ ਆਧੁਨਿਕ ਡਿਜੀਟਲ ਲਾਇਬ੍ਰੇਰੀ ਹੋਵੇਗੀ, ਜਿਸ ਵਿੱਚ ਸਾਰੀਆਂ ਲੋੜੀਂਦੀਆਂ ਸਭ ਸਹੂਲਤਾਂ ਹੋਣਗੀਆਂ। ਉਨ੍ਹਾਂ ਆਖਿਆ ਕਿ ਕੁਝ ਸਮੇਂ ’ਚ ਹੀ ਬਠਿੰਡਾ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਇੱਕ ਹੱਬ ਵਜੋਂ ਉੱਭਰ ਰਿਹਾ ਹੈ। ਨਵੀਂ ਪੀੜ੍ਹੀ ਨੂੰ ਅਕਾਦਮਿਕ ਉੱਤਮਤਾ, ਸਵੈ ਵਿਕਾਸ ਅਤੇ ਤਕਨੀਕੀ ਗਿਆਨ ਦੇ ਖੇਤਰ ਵਿਚ ਉਤਸ਼ਾਹਿਤ ਕਰਨ ਲਈ ਆਧੁਨਿਕ ਸਮੇਂ ਦੀਆਂ ਲੋੜਾਂ ਦੇ ਮੱਦੇਨਜ਼ਰ ਇਹ ਮਾਡਰਨ ਅਤੇ ਹਾਈਟੈਕ ਸਟੇਟ ਆਫ ਦੀ ਆਰਟ ਡਿਜੀਟਲ ਲਾਇਬ੍ਰੇਰੀ ਹੋਵੇਗੀ ਜੋ ਰਾਜ ਦੇ ਪ੍ਰੋਜੈਕਟਸ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੇਂਦਰ ਤੇ ਪ੍ਰਮੁੱਖ ਖੇਤਰ ’ਚ ਬਣਨ ਵਾਲੀ ਇਸ ਲਾਇਬ੍ਰੇਰੀ ਦਾ ਕੰਮ 6 ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ।
ਇਸੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਥਰਮਲ ਕਲੋਨੀ ਦੀ ਸੜਕ ਦੇ ਨਾਲ ਲੱਗਦੇ ਜੰਗਲਾਤ ਵਿਭਾਗ ਦੇ ਖੇਤਰ ’ਚ ਆਮ ਲੋਕਾਂ ਦੀ ਸਹੂਲਤ ਲਈ 81 ਲੱਖ ਰੁਪਏ ਦੀ ਲਾਗਤ ਨਾਲ ਬਣੇ ਬਾਇਓਡਾਇਵਰਸਿਟੀ ਪਾਰਕ ਦਾ ਉਦਘਾਟਨ ਵੀ ਕੀਤਾ। ਮਗਰੋਂ ਸ੍ਰੀ ਬਾਦਲ ਨੇ ਨਾਰਥ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਅਤੇ ਉਨ੍ਹਾਂ ਦੀ ਟੀਮ ਨਾਲ ਵਿਸ਼ੇਸ਼ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਰੇਲਵੇ ਹਵਾਈ ਪੁਲਾਂ, ਜ਼ਮੀਨਦੋਜ਼ ਪੁਲਾਂ ਅਤੇ ਰੇਲਵੇ ਦੀ ਥਾਂ ’ਚ ਪਾਰਕ ਬਣਾਉਣ ਤੋਂ ਇਲਾਵਾ ਰੇਲਵੇ ਨਾਲ ਸਬੰਧਿਤ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ। ਵਿੱਤ ਮੰਤਰੀ ਨੇ ਰੇਲਵੇ ਲਾਈਨਾਂ ’ਤੇ ਬਣਨ ਵਾਲੇ ਓਵਰ ਬਰਿੱਜਾਂ ਲਈ ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨਾਲ ਬੀਤੇ ਦਿਨੀਂ ਹੋਈ ਵਿਸ਼ੇਸ਼ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਮਾਰਟ ਸਕੂਲ ਦਾ ਰੱਖਿਆ ਨੀਂਹ ਪੱਥਰ
ਵਿੱਤ ਮੰਤਰੀ ਸ੍ਰੀ ਬਾਦਲ ਨੇ ਮਾਲ ਰੋਡ ’ਤੇ ਸਥਿਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਸਕੂਲ ਚ ਨਵੀਂ ਬਣਨ ਵਾਲੀ ਮਲਟੀ ਸਟੋਰੀ ਇਮਾਰਤ ’ਤੇ 10.50 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਸਕੂਲ ਦੀ ਨਵੀਂ ਚਾਰ-ਮੰਜ਼ਿਲਾ ਇਮਾਰਤ ’ਚ 65 ਸਮਾਰਟ ਕਲਾਸ ਰੂਮਜ਼, 39 ਲੈਬਜ਼, ਪ੍ਰੀਖਿਆ ਹਾਲ, ਖੇਡ ਮੈਦਾਨ, ਲਾਇਬ੍ਰੇਰੀ, ਮਿਊਜ਼ਕ ਅਤੇ ਆਰਟ ਰੂਮ ਦੀ ਉਸਾਰੀ ਅਗਲੇ 10 ਮਹੀਨਿਆਂ ਵਿਚ ਮੁਕੰਮਲ ਕੀਤੀ ਜਾਵੇਗੀ।