ਸ਼ਗਨ ਕਟਾਰੀਆ
ਬਠਿੰਡਾ, 3 ਫ਼ਰਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਪੰਜਾਬ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ ’ਤੇ ਅੱਜ ਖੁੱਲ੍ਹ ਕੇ ਬੋਲੇ। ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜ ਸਾਲ ਦੇ ਸਮੇਂ ਵਿੱਚ ਸੂਬੇ ਦੇ ਹਿੱਤਾਂ ਦੀ ਪੈਰਵਾਈ ਕਰਨ ਅਤੇ ਲੋਕ ਹਿੱਤਾਂ ਦੀ ਰਖਵਾਲੀ ਲਈ ਪੂਰੀ ਵਚਨਬੱਧਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਗਿਆ ਹੈ। ਪੰਜ ਸਾਲ ਪਹਿਲਾਂ ਅਕਾਲੀ ਦਲ ਸਮੇਂ ਜਿਹੜੇ ਹਾਲਾਤ ਖਜ਼ਾਨੇ ਦੇ ਸਨ, ਉਸ ਖ਼ਜ਼ਾਨੇ ਵਿੱਚੋਂ ਕਿਸੇ ਲਈ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪੂਰੀ ਤਨਦੇਹੀ ਨਾਲ ਕੰਮ ਕਰਕੇ ਉਨ੍ਹਾਂ ਖ਼ਜ਼ਾਨੇ ਨੂੰ ਮਜ਼ਬੂਤ ਬਣਾਇਆ ਅਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ, ਵੱਡੀਆਂ ਰਾਹਤਾਂ ਦਿੱਤੀਆਂ, ਇਥੋਂ ਤੱਕ ਕਿ ਕਦੇ ਵੀ ਪੈਨਸ਼ਨਰਾਂ ਜਾਂ ਮੁਲਾਜ਼ਮਾਂ ਨੂੰ ਪੈਨਸ਼ਨ ਜਾਂ ਤਨਖ਼ਾਹ ਤੋਂ ਵਾਂਝੇ ਨਹੀਂ ਰਹਿਣ ਦਿੱਤਾ। ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਹੋਰਨਾਂ ਸੂਬਿਆਂ ਜਾਂ ਦੇਸ਼ਾਂ ਦੀਆਂ ਸਰਕਾਰਾਂ ਬੇਵੱਸ ਹੋ ਗਈਆਂ, ਉਨ੍ਹਾਂ ਮਾੜੇ ਹਾਲਾਤ ਵਿੱਚ ਵੀ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿਤੀ ਅਤੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ। ਬਾਦਲ ਪਰਿਵਾਰ ਨਾਲ ਮਿਲੀਭੁਗਤ ਜਾਂ ਨੇੜਤਾ ਦੇ ਲੱਗ ਰਹੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨਾਲ ਪਿਛਲੇ ਗਿਆਰਾਂ ਸਾਲ ਤੋਂ ਉਨ੍ਹਾਂ ਰਿਸ਼ਤਾ ਖ਼ਤਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਖੁਸ਼ਹਾਲੀ, ਹਰ ਵਰਗ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਡਿੰਪੀ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ
ਗਿੱਦੜਬਾਹਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਬੀਤੀ ਰਾਤ ਬਾਬਾ ਗੰਗਾ ਰਾਮ ਬਾਸਕਟਬਾਲ ਸਟੇਡੀਅਮ ਨਜ਼ਦੀਕ ਮਾਰਕਿਟ ਵਲੋਂ ਲੱਡੂਆਂ ਨਾਲ ਤੋਲਿਆ ਗਿਆ ਅਤੇ ਵੱਡੇ ਫਰਕ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਡਿੰਪੀ ਢਿੱਲੋਂ ਨੇ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਪਾਰਟੀਬਾਜ਼ੀ ਤੋਂ ਉਪਰ ਉੱਥੇ ਕੇ ਹਰ ਵਰਗ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, 4 ਦਿਨਾਂ ਵਿੱਚ ਨਸ਼ਿਆਂ ਦਾ ਖਾਤਮਾ, ਸਿਹਤ ਸੁਵਿਧਾਵਾਂ ਆਦਿ ਮੁੱਖ ਮੁੱਦਿਆਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇਗਾ।