ਸ਼ਗਨ ਕਟਾਰੀਆ
ਬਠਿੰਡਾ, 1 ਅਗਸਤ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਰਿਵਾਰ ਸਮੇਤ ਅੱਜ ਤੀਜੇ ਦਿਨ ਵੀ ਬਠਿੰਡਾ ਸ਼ਹਿਰ ਦੇ ਦੌਰੇ ’ਤੇ ਰਹੇ। ਉਨ੍ਹਾਂ ਦੀ ਪਤਨੀ ਵੀਨੂੰ ਬਾਦਲ, ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ (ਜੋਜੋ ਜੌਹਲ) ਅਤੇ ਬੇਟੀ ਰੀਆ ਬਾਦਲ ਨੇ ਵੀ ਵੱਖ-ਵੱਖ ਵਾਰਡਾਂ ’ਚ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਵਿੱਤ ਮੰਤਰੀ ਨੇ ਇਥੇ ਭਗਤ ਸਿੰਘ ਸਪੋਰਟਸ ਮਾਰਕੀਟ ਵਿੱਚ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਦੀ ਨਿਯੁਕਤੀ ਦੀ ਖ਼ੁਸ਼ੀ ’ਚ ਰੱਖੇ ਲੰਗਰ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਦੁਕਾਨਦਾਰਾਂ ਵੱਲੋਂ ਇੱਥੇ ਪਾਰਕਿੰਗ ਦੀ ਸਮੱਸਿਆ ਉਠਾਏ ਜਾਣ ’ਤੇ ਉਨ੍ਹਾਂ ਟਰੈਫ਼ਿਕ ਪੁਲੀਸ ਨੂੰ ਇਸ ਦੇ ਫੌਰੀ ਹੱਲ ਲਈ ਆਦੇਸ਼ ਦਿੱਤੇ। ਨਾਮਦੇਵ ਰੋਡ ’ਤੇ ਕਾਂਗਰਸੀ ਆਗੂ ਦਰਸ਼ਨ ਜੌੜਾ ਦੇ ਨਿਵਾਸ ’ਤੇ ਜਨਤਕ ਮਿਲਣੀ ਸਮਾਗਮ ਹੋਇਆ।
ਇਸ ਮੌਕੇ ਕਥਿਤ ਭਾਜਪਾ ਨਾਲ ਜੁੜੇ 15 ਪਰਿਵਾਰਾਂ ਨੇ ਕਾਂਗਰਸ ’ਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਗਿਆ। ਸ੍ਰੀ ਬਾਦਲ ਨੇ ਕਿਹਾ ਕਿ ਬਠਿੰਡਾ ਉਨ੍ਹਾਂ ਦਾ ਘਰ ਹੈ ਅਤੇ ਇੱਥੋਂ ਦਾ ਵਿਕਾਸ ਮੁੱਖ ਤਰਜੀਹ। ਉਨ੍ਹਾਂ ਕਿਹਾ ਕਿ ਵਿਕਾਸ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਠਿੰਡੇ ’ਚ ਜਾਰੀ ਸਮੂਹ ਵਿਕਾਸ ਪ੍ਰਾਜੈਕਟ ਦੀਵਾਲੀ ਤੱਕ ਮੁਕੰਮਲ ਕੀਤੇ ਜਾਣਗੇ।
ਵੀਨੂੰ ਬਾਦਲ ਨੇ ਵਾਰਡ ਨੰਬਰ 5, 29,43 ਤੇ 47 ਵਿੱਚ ਬੀਬੀਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਮੁਫ਼ਤ ਬੱਸ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਹਿਤ ਚੁੱਕਿਆ ਕ੍ਰਾਂਤੀਕਾਰੀ ਕਦਮ ਦੱਸਿਆ। ਉਹ ਅਜੀਤ ਰੋਡ ’ਤੇ ਵਸਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਸ਼ਨ ਗੋਇਲ ਦੇ ਘਰ ਪੁੱਜੇ ਅਤੇ ਉਸ ਨੂੰ ਅੱਵਲ ਪੁਜੀਸ਼ਨ ਲੈਣ ਲਈ ਵਧਾਈ ਦਿੱਤੀ। ਉਹ ਵਾਰਡ ਨੰਬਰ 15 ’ਚ ਟਹਿਲ ਸਿੰਘ ਬੁੱਟਰ ਦੇ ਘਰ ਵੀ ਗਏ। ਇਥੇ ਲੋਕਾਂ ਨੇ ਡਿਸਪੋਜ਼ਲ ਵਾਲੀ ਜਗ੍ਹਾ ਤੇ ਪਾਰਕ ਬਣਾਉਣ ਲਈ ਸ਼੍ਰੀਮਤੀ ਬਾਦਲ ਦਾ ਧੰਨਵਾਦ ਕੀਤਾ।
ਇਨ੍ਹਾਂ ਮੌਕਿਆਂ ’ਤੇ ਜੈਜੀਤ ਜੌਹਲ, ਅਰੁਣ ਵਧਾਵਨ, ਰਮਨ ਗੌਇਲ, ਕੇ ਕੇ ਅਗਰਵਾਲ, ਰਾਜਨ ਗਰਗ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਮਨੋਜ ਜਿੰਦਲ, ਉਮੇਸ਼ ਗੋਗੀ, ਸੰਜੇ ਬਿਸਵਾਲ, ਹਰਜੋਤ ਸਿੱਧੂ ਅਤੇ ਸ਼ਹਿਰ ਦੀ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ।