ਸ਼ਗਨ ਕਟਾਰੀਆ
ਬਠਿੰਡਾ, 25 ਜੁਲਾਈ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵੀ ਬਠਿੰਡਾ ਦੇ ਦੌਰੇ ’ਤੇ ਰਹੇ। ਆਪਣੀ ਫੇਰੀ ਦੌਰਾਨ ਉਨ੍ਹਾਂ ਖੇਤਾ ਸਿੰਘ ਬਸਤੀ, ਆਦਰਸ਼ ਨਗਰ, ਮਾਡਲ ਟਾਊਨ ਅਤੇ ਗਣੇਸ਼ਾ ਬਸਤੀ ਵਿੱਚ ਕਾਂਗਰਸੀ ਕੌਂਸਲਰਾਂ ਦੀ ਹਾਜ਼ਰੀ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਹੱਲ ਕਰਨ ਦੀ ਹਦਾਇਤ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਠਿੰਡਾ ਦੇ ਵਿਕਾਸ ਲਈ ਉਹ ਗਰਾਂਟਾਂ ਦੀ ਕਮੀ ਨਹੀਂ ਰਹਿਣ ਦੇਣਗੇ। ਦੌਰੇ ਦੌਰਾਨ ਸਿਆਸੀ ਪਾਲ਼ੇ ਬਦਲਣ ਦਾ ਸਿਲਸਿਲਾ ਵੀ ਚੱਲਦਾ ਰਿਹਾ।
ਵਿੱਤ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਮੁਕਾਮੀ ਆਗੂ ਦਰਸ਼ਨ ਸਿੰਘ, ਹਰਨੇਕ ਸਿੰਘ, ਬੌਬੀ ਸਿੰਘ, ਸੰਨੀ ਸਿੰਘ, ਜਰਨੈਲ ਸਿੰਘ ਜੈਲੀ, ਰੂੜ ਸਿੰਘ, ਜਸਵਿੰਦਰ ਸਿੰਘ, ਹਿਮਾਂਸ਼ੂ ਚਾਵਲਾ, ਸਮੇਤ ਤਿੰਨ ਦਰਜਨ ਵਿਅਕਤੀਆਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ਦਾ ਪੱਲਾ ਫੜਿਆ। ਭਾਜਪਾ (ਕਿਸਾਨ ਮੋਰਚਾ) ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਬਰਾੜ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਵੀ ਦਾਅਵਾ ਕੀਤਾ ਗਿਆ। ਉਨ੍ਹਾਂ ਦੇ ਨਾਲ ਹੀ ਬਲਵਿੰਦਰ ਸਿੰਘ ਬਿੰਦਰ, ਜਸਵੰਤ ਲਾਡੀ, ਟਿੰਕੂ ਭਾਗੀਵਾਂਦਰ, ਬਿੱਲਾ ਭੂਰੀ ਕਲਾਂ, ਲਖਵਿੰਦਰ ਸਿੰਘ, ਅਨਿਲ ਕੁਮਾਰ ਯਾਦਵ, ਸ਼ੁਭਾਸ਼, ਅਮਿਤ ਹੈਪੀ ਆਦਿ ਦੇ ਸ਼ਾਮਿਲ ਹੋਣ ਬਾਰੇ ਵੀ ਦੱਸਿਆ ਗਿਆ। ਸੁਖਮੰਦਰ ਸਿੰਘ ਬਰਾੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੁਆਰਾ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜਨ ਵਾਲਿਆਂ ਨੂੰ ਕਾਂਗਰਸ ਵਿਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।
ਇਨ੍ਹਾਂ ਮੌਕਿਆਂ ’ਤੇ ਜੈਜੀਤ ਸਿੰਘ ਜੌਹਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਅਰੁਣ ਵਧਾਵਣ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਨਗਰ ਨਿਗਮ ਦੀ ਮੇਅਰ ਬੀਬੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਪਵਨ ਮਾਨੀ, ਆਤਮਾ ਸਿੰਘ, ਕੰਵਲਜੀਤ ਸਿੰਘ, ਪਰਵਿੰਦਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਠੇਕੇਦਾਰ ਆਦਿ ਮੌਜੂਦ ਸਨ।