ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਅਕਤੂਬਰ
ਬਿਜਲੀ ਮੀਟਰਾਂ ਦੀ ਪੜ੍ਹਤ ਕਰਨ ਵਾਲੇ ਕਾਮਿਆਂ ਨੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਅੱਜ ਨੌਕਰੀ ਤੋਂ ਹੱਥ ਖੜ੍ਹੇ ਕਰ ਦਿੱਤੇ। ਬਠਿੰਡਾ ਦੀਆਂ ਦੋ ਤੋਂ ਇਲਾਵਾ ਸੰਗਤ ਅਤੇ ਗੋਨਿਆਣਾ ਡਵੀਜ਼ਨਾਂ ਦੇ ਇਹ 37 ਮੀਟਰ ਰੀਡਰ ਹਨ। ਮੀਟਰ ਰੀਡਰ ਮਨਜੀਤ ਸਿੰਘ ਤੇ ਸਾਥੀਆਂ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਨੇ ਉਨ੍ਹਾਂ ਨੂੰ ਰੱਖਿਆ ਸੀ ਤੇ ਬਤੌਰ ਸਕਿਓਰਟੀ ਪ੍ਰਤੀ ਕਰਮਚਾਰੀ 15 ਹਜ਼ਾਰ ਰੁਪਏ ਦੇ ਮੋੜਨ-ਯੋਗ ਡਰਾਫ਼ਟ ਲਏ ਸਨ। ਇਸ ਪਿੱਛੋਂ ਕੰਪਨੀ ਬਦਲ ਗਈ ਤੇ ਨਵੀਂ ਨੇ ਕੰਮ ਸੰਭਾਲ ਲਿਆ। ਪੁਰਾਣੀ ਕੰਪਨੀ ਨੇ ਉਨ੍ਹਾਂ ਨੂੰ ਫਰਵਰੀ ਮਹੀਨੇ ਤੱਕ ਦੀ ਤਨਖਾਹ ਦਿੱਤੀ ਸੀ, ਜਦ ਕਿ ਬਾਕੀ ਤਨਖਾਹ ਬਕਾਇਆ ਹੈ। ਉਨ੍ਹਾਂ ਬਕਾਇਆ ਤਨਖਾਹ ਅਤੇ ਡਰਾਫ਼ਟਾਂ ਵਾਲੀ ਜਮ੍ਹਾਂ ਰਾਸ਼ੀ 15-15 ਹਜ਼ਾਰ ਰੁਪਏ ਦੇਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਉਹ ਕੰਮ ਨਹੀਂ ਕਰਨਗੇ।