ਮਨੋਜ ਸ਼ਰਮਾ
ਬਠਿੰਡਾ, 8 ਅਗਸਤ
ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ’ਤੇ ਭੜਕੀਆਂ ਸਕੂਲਾਂ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਡੀਸੀ ਬਠਿੰਡਾ ਦੇ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਪ੍ਰਸ਼ਾਸਨ ਨੇ ਪੈਨਲ ਮੀਟਿੰਗ ਕਰਵਾਉਣ ਤੋਂ ਟਾਲਾ ਵੱਟਿਆ, ਤਾਂ ਇਕੱਠੀਆਂ ਹੋਈਆਂ ਕੁੱਕ ਬੀਬੀਆਂ ਨੇ ਸੜਕ ’ਤੇ ਜਾਮ ਲਗਾਉਣ ਦਾ ਫੈਸਲਾ ਕਰ ਲਿਆ, ਉਸ ਤੋਂ ਬਾਾਅਦ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਤਹਿਸੀਲਦਾਰ ਅਵਤਾਰ ਸਿੰਘ ਨੇ ਆ ਕੇ ਬੀਬੀਆਂ ਨੂੰ ਸ਼ਾਂਤ ਕੀਤਾ ਅਤੇ 20 ਅਗਸਤ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਬੀਬੀਆਂ ਨੇ ਇਸ ਗੱਲ ’ਤੇ ਵੀ ਜਦੋਂ ਯਕੀਨ ਨਾ ਕੀਤਾ ਤਾਂ ਡੀਐੱਸਪੀ ਕੁਲਭੂਸ਼ਨ ਨੇ ਵਿੱਚ ਪੈ ਕੇ ਸਿੱਖਿਆ ਮੰਤਰੀ ਪੰਜਾਬ ਦੇ ਦਫ਼ਤਰ ਨਾਲ ਕੁੱਕ ਆਗੂਆਂ ਦੀ ਫੋਨ ’ਤੇ ਗੱਲ ਕਰਵਾਉਣ ਤੋਂ ਬਾਅਦ ਹੀ ਸੜਕ ਜਾਮ ਕਰਨ ਦਾ ਫੈਸਲਾ ਵਾਪਸ ਲਿਆ। ਡੈਮੋਕ੍ਰੈਟਿਕ ਮਿੱਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਜਲ ਕੌਰ ਸੌਂਢਾ ਲਹਿਰਾ, ਜ਼ਿਲ੍ਹਾ ਪ੍ਰਧਾਨ ਸਿੰਦਰ ਕੌਰ ਸਬਿੀਆ, ਪਰਮਜੀਤ ਕੌਰ ਗਿੱਦੜਬਾਹਾ, ਰੇਖਾ ਰਾਣੀ ਮੁਕਤਸਰ, ਨੇ ਕਿਹਾ ਕਿ ਅਤਿ ਦੀ ਮਹਿੰਗਾਈ ਵਿਚ ਵੀ ਸਕੂਲ ਵਿੱਚ ਪੂਰਾ ਸਮਾਂ ਕੰਮ ਕਰਨ ’ਤੇ ਉਨ੍ਹਾਂ ਨੂੰ 2200 ਰੁਪਏ ਮਹੀਨੇ ਦੇ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਇਹ ਤਨਖਾਹ ਵੀ ਸਾਲ ਵਿੱਚ ਸਿਰਫ਼ 10 ਮਹੀਨੇ ਦੇ ਹੀ ਦਿੱਤੀ ਜਾਂਦੀ ਹੈ। ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਨਾਲ ਉਨ੍ਹਾਂ ਦੀ ਹੋਈ ਹਰ ਮੀਟਿੰਗ ਵਿੱਚ ਵਾਅਦਾ ਕੀਤਾ ਗਿਆ ਕਿ ਮਿੱਡ ਡੇ ਮੀਲ ਕੁੱਕ ਦੀ ਤਨਖਾਹ 3000 ਰੁਪਏ ਮਹੀਨੇ ਤੋਂ ਜਿਆਦਾ ਕੀਤੀ ਜਾਵੇਗੀ। ਆਗੂਆਂ ਨੇ ਮੰਗ ਕੀਤੀ ਕਿ ਮਿੱਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਛੁੱਟੀਆਂ ਤੈਅ ਕੀਤੀਆਂ ਜਾਣ। ਤਹਿਸੀਲਦਾਰ ਅਵਤਾਰ ਸਿੰਘ ਨੇ ਆਗੂ ਬੀਬੀਆਂ ਤੋਂ ਇਕੱਠ ਵਿੱਚ ਆ ਕੇ ਮੰਗ ਪੱਤਰ ਲਿਆ ਇਸ ਮੌਕੇ ਜਗਦੀਪ ਸਿੰਘ, ਸੁਖਪਾਲ ਸਿੰਘ ਸਬਿੀਆ, ਜਗਜੀਤ ਸਿੰਘ ਨੌਹਰਾ ਆਦਿ ਨੇ ਵੀ ਸੰਬੋਧਨ ਕੀਤਾ।
ਮਨਰੇਗਾ ਮੁਲਾਜ਼ਮਾਂ ਦੀ ਹੜਤਾਲ ਨੇ ਮਹੀਨਾ ਕੀਤਾ ਪੂਰਾ
ਮਲੋਟ (ਲਖਵਿੰਦਰ ਸਿੰਘ ਬਰਾੜ): ਕੱਚੇ ਮਨਰੇਗਾ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਨੂੰ ਲਗਭਗ ਇਕ ਮਹੀਨਾ ਪੂਰਾ ਹੋ ਚੁੱਕਿਆ ਹੈ, ਪਰ ਸਰਕਾਰ ਨੇ ਉਹਨਾਂ ਦੀ ਫਰਿਆਦ ਅਜੇ ਤੱਕ ਸੁਣੀ। ਹੜਤਾਲ ‘ਤੇ ਬੈਠੇ ਨਰੇਗਾ ਸਕੱਤਰ ਯਾਦਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨਾਲ ਵੀ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਉਹ ਪਿਛਲੇ 10-10 ਸਾਲਾਂ ਤੋਂ ਬਤੌਰ ਕੱਚੇ ਮੁਲਾਜ਼ਮ ਹੀ ਕੰਮ ਕਰ ਰਹੇ ਹਨ, ਜਿਸ ਕਰਕੇ ਉਹ ਹੁਣ ਹੋਰ ਕੋਈ ਵੀ ਕੰਮ ਧੰਦਾ ਨਹੀਂ ਕਰ ਸਕਦੇ । ਉਹਨਾਂ ਮੰਗ ਕੀਤੀ ਕਿ ਸਮੂਹ ਨਰੇਗਾ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ।