ਮਨੋਜ ਸ਼ਰਮਾ
ਬਠਿੰਡਾ, 7 ਅਪਰੈਲ
ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮਿਲਕ ਪਲਾਂਟ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮਿਲਕ ਪਲਾਂਟ ਵੱਲੋਂ ਬਣਾਏ ਜਾ ਰਹੇ ਉਤਪਾਦਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖ਼ਾਸ ਤੌਰ ’ਤੇ ਆਈਸ ਕਰੀਮ ਦੇ ਉਤਪਾਦਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪਲਾਂਟ ਦਾ ਕੰਮ ਦੇਸ਼ ਭਰ ਦੇ ਸਭ ਤੋਂ ਵਧੀਆ ਡੇਅਰੀ ਬ੍ਰਾਂਡਾਂ ਦੇ ਬਰਾਬਰ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਬਠਿੰਡਾ ਦੇ ਉਤਪਾਦਾਂ ਨੇ ਉਸਦੇ ਅਤੇ ਉਸਦੀ ਟੀਮ ਦੇ ਮੈਂਬਰਾਂ ’ਤੇ ਇੱਕ ਸਦੀਵੀ ਛਾਪ ਛੱਡੀ ਹੈ। ਇਸ ਦੌਰਾਨ ਸ੍ਰੀ ਗਿੱਲ ਨੇ ਵੇਰਕਾ ਦੇ ਜਨਰਲ ਮੈਨੇਜਰ ਰਾਕੇਸ਼ ਕੁਮਾਰ ਗੁਪਤਾ ਨੂੰ ਵਿਸ਼ਵਾਸ ਦਿਵਾਇਆ ਕਿ ਮਿਲਕ ਪਲਾਂਟ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮਿਲਕ ਪਲਾਂਟ ਵੱਲੋਂ ਵਿੱਤੀ ਵਰ੍ਹੇ 2021-22 ਵਿੱਚ ਟੀਚੇ ਅਨੁਸਾਰ ਟਰਨਓਵਰ ਪ੍ਰਾਪਤ ਕਰਨ ਉੱਤੇ ਸਾਰੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।