ਮਨੋਜ ਸ਼ਰਮਾ
ਬਠਿੰਡਾ, 19 ਅਕਤੂਬਰ
ਗੋਨਿਆਨਾ ਮੰਡੀ ਦੇ ਵਾਰਡ 5 ਦੇ ਭਾਈ ਜਗਤਾ ਜੀ ਕਲੋਨੀ ਅਤੇ ਮਹਿੰਦਰ ਸਿੰਘ ਕਲੋਨੀ ਦੇ ਵਸਨੀਕਾਂ ਨੂੰ ਇਨ੍ਹੀਂ ਦਿਨੀਂ ਜਲਘਰ ਦੀਆਂ ਟੂਟੀਆਂ ਵਿੱਚੋਂ ਆ ਰਹੇ ਗੰਦੇ ਪਾਣੀ ਦੀ ਸਪਲਾਈ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਦਰਜਨਾਂ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਜਲ ਘਰ ਲਗਾਤਾਰ ਦੋ ਤਿੰਨ ਮਹੀਨਿਆਂ ਤੋਂ ਬਿਮਾਰੀਆਂ ਵੰਡ ਰਿਹਾ ਹੈ ਪਰ ਨਗਰ ਕੌਂਸਲ ਦਫ਼ਤਰ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਅੱਜ ਜਦੋਂ ਵਿਭਾਗ ਵੱਲੋਂ ਟੂਟੀਆਂ ਵਿਚ ਪਾਣੀ ਛੱਡਿਆ ਗਿਆ ਤਾਂ ਕਾਲੇ ਪਾਣੀ ਨੂੰ ਦੇਖ ਕੇ ਲੋਕ ਭੜਕ ਉੱਠੇ ਅਤੇ ਇਸ ਪਾਣੀ ਦੀਆਂ ਬਾਲਟੀਆਂ ਨੂੰ ਤੁਰੰਤ ਨਗਰ ਕੌਂਸਲ ਦੇ ਦਫਤਰ ਲੈ ਕੇ ਪੁੱਜੇ।
ਮੁਹੱਲੇ ਦੇ ਵਸਨੀਕ ਸਤਵੀਰ ਸਿੰਘ ਨੇ ਗਿਲਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਵਿੱਚ ਵੀ ਨਾਕਾਮ ਸਿੱਧ ਹੋ ਰਹੀ ਹੈ ਜਿਸ ਵਜ੍ਹਾ ਕਾਰਨ ਉਨ੍ਹਾਂ ਦੀ ਪੋਤਰੀ ਸਬਨੂਰ ਕੌਰ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਕਰਵਾਉਣਾ ਪੈ ਰਿਹਾ ਹੈ ਇਸ ’ਤੇ ਉਹ ਲੱਖਾਂ ਰੁਪਏ ਖਰਚ ਕਰ ਚੁੱਕੇ ਹਨ। ਪੀੜਤ ਭੁਪੇਸ਼ ਕੁਮਾਰ, ਮਨੀਸ਼ ਕੁਮਾਰ, ਗੋਪਾਲ ਰਜੇਸ਼ ਨੇ ਜਲ ਸਪਲਾਈ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ’ਤੇ ਵਰ੍ਹਦਿਆਂ ਕਿਹਾ ਕਿ ਹਰ ਤੀਜੇ ਦਿਨ ਸੀਵਰੇਜ ਰਲੇ ਜ਼ਹਿਰੀਲੇ ਅਤੇ ਕਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਕਾਰਨ ਖੇਤਰ ਵਿੱਚ ਪੀਲੀਏ ਦੇ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਵਰਸਿਟੀ ਪੁੱਤਰੀ ਗੋਪਾਲ ਕ੍ਰਿਸ਼ਨ, ਅਸ਼ੀਸ਼ ਗੋਇਲ ਪੁੱਤਰ ਲਾਜਪਤ ਗੋਇਲ, ਮਨਕੀਰਤ ਸਿੰਘ ਪੁੱਤਰ ਮਨਵਿੰਦਰ ਸਿੰਘ, ਕਾਵਿਆ ਸਿੰਗਲਾ ਪੁੱਤਰ ਭੁਪੇਸ਼ ਕੁਮਾਰ, ਸੁਬਨੂਰ ਕੌਰ ਪੁੱਤਰੀ ਇੰਦਰਪ੍ਰੀਤ ਸਿੰਘ ਪੀਲੀਏ ਦੀ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ। ਲੋਕਾਂ ਨੇ ਨਗਰ ਕੌਂਸਲ ਗੋਨਿਆਨਾ ’ਤੇ ਦੋਸ਼ ਲਗਾਏ ਕਿ ਪੰਜਾਬ ਦੀ ਨਵੀਂ ਸਰਕਾਰ ਤੇ ਕੌਂਸਲ ਦੀ ਨਵੀਂ ਚੁਣੀ ਕਮੇਟੀ ਦੀ ਫੂਕ ਨਿਕਲ ਗਈ ਹੈ। ਉਧਰ ਨਵੇਂ ਚੁਣੇ ਗਏ ਨਗਰ ਕੌਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਵੱਲੋਂ ਟੀਮ ਬਣਾ ਦਿੱਤੀ ਗਈ ਹੈ ਤੇ ਜਲਦੀ ਹੀ ਪਤਾ ਲਗਾਇਆ ਜਾਏਗਾ ਕਿ ਸੀਵਰੇਜ ਦੇ ਪਾਣੀ ਦਾ ਕਿੱਥੋਂ ਰਲੇਵਾਂ ਹੋ ਰਿਹਾ ਹੈ ਜਿਸ ਨੂੰ ਤੁਰੰਤ ਠੀਕ ਕੀਤਾ ਜਾਵੇਗਾ।