ਮਨੋਜ ਸ਼ਰਮਾ
ਬਠਿੰਡਾ, 12 ਅਗਸਤ
76ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ 2022 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਹੁਮੰਤਵੀਂ ਖੇਡ ਸਟੇਡੀਅਮ ਵਿੱਚ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਇਥੇ ਬਹੁਮੰਤਵੀਂ ਖੇਡ ਸਟੇਡੀਅਮ ’ਚ ਮਨਾਈ ਜਾਣ ਵਾਲੀ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਸਬੰਧੀ ਕੀਤੀਆਂ ਜਾ ਰਹੀਆਂ ਵੱਖ-ਵੱਖ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਪੁਲੀਸ ਕਪਤਾਨ ਜੇ. ਇਲਨਚੇਲੀਅਨ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦਾ ਆਜ਼ਾਦੀ ਦਿਹਾੜਾ ਜ਼ਿਲ੍ਹਾ ਪੱਧਰ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਵੱਖ-ਵੱਖ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਸਮੇਂ-ਸਿਰ ਮੁਕੰਮਲ ਕਰ ਲਏ ਜਾਣ। ਡਿਪਟੀ ਕਮਿਸ਼ਨਰ ਸ੍ਰੀ ਪਰੇ ਨੇ ਇਸ ਮੌਕੇ ਦੱਸਿਆ ਕਿ ਸਮਾਗਮ ਦੌਰਾਨ ਪਰੇਡ, ਪੀ.ਟੀ.ਸ਼ੋਅ, ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਤੇ ਗਿੱਧਾ ਵੀ ਸ਼ਾਮਲ ਹੋਵੇਗਾ। ਸਮਾਗਮ ਮੌਕੇ ਸੁਤੰਤਰਤਾ ਸੰਗਰਾਮੀਆਂ ਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਸਨਮਾਨ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈ ਸਾਈਕਲ ਵੀ ਦਿੱਤੇ ਜਾਣਗੇ।
ਮੰਤਰੀ ਫੌਜਾ ਸਿੰਘ ਫ਼ਰੀਦਕੋਟ ਵਿੱਚ ਲਹਿਰਾਉਣਗੇ ਤਿਰੰਗਾ ਝੰਡਾ
ਫਰੀਦਕੋਟ (ਜਸਵੰਤ ਜੱਸ) ਆਜ਼ਾਦੀ ਦੀ 75ਵੀਂ ਵਰ੍ਹੇਗੰਢ 15 ਅਗਸਤ ਨੂੰ ਇੱਥੋਂ ਦੇ ਨਹਿਰੂ ਖੇਡ ਸਟੇਡੀਅਮ ਵਿੱਚ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿੱਚ ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ, ਫੂਡ ਪ੍ਰਾਸੈਸਿੰਗ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇੱਥੇ ਨਹਿਰੂ ਸਟੇਡੀਅਮ ਹੋਈ ਰਿਹਰਸਲ ਮੌਕੇ ਪਰੇਡ, ਪੀ.ਟੀ. ਸ਼ੋਅ ਤੇ ਬਾਕੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ 15 ਅਗਸਤ ਨੂੰ ਹੋਣ ਵਾਲੀ ਪਰੇਡ ਵਿੱਚ ਬੀ.ਐਸ.ਐਫ., ਪੰਜਾਬ ਪੁਲੀਸ, ਪੰਜਾਬ ਪੁਲੀਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁੱਕੜੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੀਆਂ ਤੇ ਸੁਤੰਤਰਤਾ ਸੰਗਰਾਮੀਆਂ, ਜੰਗੀ ਵਿਧਵਾਵਾਂ ਅਤੇ ਵੱਖ ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।