ਸ਼ਗਨ ਕਟਾਰੀਆ
ਬਠਿੰਡਾ, 23 ਨਵੰਬਰ
ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਇਥੇ ਹੋਈ ਮੀਟਿੰਗ ’ਚ ਪੁਲੀਸ ਵੱਲੋਂ ਸੰਘਰਸ਼ੀ ਸ਼ਖ਼ਸੀਅਤਾਂ ਦੇ ਨਿੱਜੀ ਵੇਰਵੇ ਇਕੱਠੇ ਕਰਨ ਲਈ ਉਨ੍ਹਾਂ ਦੇ ਘਰਾਂ ’ਚ ਪਾਈਆਂ ਜਾ ਰਹੀਆਂ ਫੇਰੀਆਂ ਦਾ ਨੋਟਿਸ ਲੈਂਦਿਆਂ, ਇਸ ਦੇ ਵਿਰੋਧ ’ਚ 29 ਨਵੰਬਰ ਨੂੰ ਬਠਿੰਡਾ ਸ਼ਹਿਰ ਵਿੱਚ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਸਭਾ ਦੇ ਆਗੂਆਂ ਬੱਗਾ ਸਿੰਘ, ਪ੍ਰਿਤਪਾਲ ਸਿੰਘ ਅਤੇ ਉਨ੍ਹਾਂ (ਖੁਦ) ਦੇ ਘਰੀਂ ਪੁਲੀਸ ਦੇ ਮੁਲਾਜ਼ਮ ਆਏ ਅਤੇ ਮੁਲਜ਼ਮਾਂ ਵਾਂਗ ਨਿੱਜੀ, ਪਰਿਵਾਰਕ ਅਤੇ ਰਿਸ਼ਤੇਦਾਰੀਆਂ ਬਾਰੇ ਪੁੱਛਗਿੱਛ ਕੀਤੀ ਅਤੇ ਘਰਾਂ ਦੇ ਨਕਸ਼ੇ ਬਣਾਏ। ਉਨ੍ਹਾਂ ਦੱਸਿਆ ਕਿ ਸਭਾ ਦੀ ਆਗੂ ਪੁਸ਼ਪ ਲਤਾ, ਕਹਾਣੀਕਾਰ ਅਤਰਜੀਤ ਅਤੇ ਲੋਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਨਾਲ ਵੀ ਪੁਲੀਸ ਦਾ ਅਜਿਹਾ ਵਤੀਰਾ ਰਿਹਾ। ਉਨ੍ਹਾਂ ਆਖਿਆ ਹਾਲਾਂਕਿ ਪੁਲਸ ਮੁਲਾਜ਼ਮਾਂ ਨੇ ਮੰਨਿਆ ਕਿ ਇਨ੍ਹਾਂ ਆਗੂਆਂ ਖਿਲਾਫ ਕੋਈ ਵੀ ਕਾਰਵਾਈ ਪੁਲੀਸ ਰਿਕਾਰਡ ਵਿਚ ਬਕਾਇਆ ਨਹੀਂ ਹੈ। ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਨੂੰਨ ਮੁਤਾਬਿਕ ਕਿਸੇ ਵੀ ਵਿਅਕਤੀ ਨੂੰ ਨਿਯਮਾਂ ਅਨੁਸਾਰ ਪੁੱਛ-ਪੜਤਾਲ ਵਾਸਤੇ ਲਿਖਤੀ ਸੰਮਨ ਜਾਂ ਰੁੱਕਾ ਜਾਂ ਨੋਟਿਸ ਭੇਜ ਕੇ ਪੜਤਾਲ ’ਚ ਸ਼ਾਮਲ ਕਰ ਸਕਦੀ ਹੈ। ਪਰ ਪੁਲੀਸ ਬੇਦਾਗ ਜਨਤਕ ਜੀਵਨ ਬਤੀਤ ਕਰਨ ਵਾਲੇ ਨਾਗਰਿਕਾਂ ਦੇ ਘਰਾਂ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਧਾੜਵੀਆਂ ਦੀ ਤਰ੍ਹਾਂ ਫੇਰੀਆਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਸਰਕਾਰ ਆਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਉਲਝਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ।