ਸ਼ਗਨ ਕਟਾਰੀਆ
ਬਠਿੰਡਾ, 7 ਸਤੰਬਰ
ਠੇਕਾ ਆਧਾਰਿਤ ਬੱਸ ਕਰਮਚਾਰੀਆਂ ਵੱਲੋਂ ਸੇਵਾਵਾਂ ਨਿਯਮਤ (ਰੈਗੂਲਰ) ਕਰਾਉਣ ਦੀ ਮੰਗ ਲਈ ਸ਼ੁਰੂ ਕੀਤਾ ਬੇਮਿਆਦੀ ਅੰਦੋਲਨ ਅੱਜ ਦੂਜੇ ਵੀ ਦਿਨ ਜਾਰੀ ਰਿਹਾ। ਠੇਕਾ ਕਾਮਿਆਂ ਨੇ ਆਪਣੀ ਆਵਾਜ਼ ਲੋਕ ਕਚਹਿਰੀ ’ਚ ਲਿਜਾਣ ਦੇ ਮੰਤਵ ਤਹਿਤ ਸ਼ਹਿਰ ਵਿਚ ਰੋਸ ਮਾਰਚ ਕੀਤਾ। ਉੱਧਰ ਸਰਕਾਰੀ ਲਾਰੀਆਂ ਦੇ ਚੱਕਾ ਜਾਮ ਦਾ ਖ਼ਮਿਆਜ਼ਾ ਸਵਾਰੀਆਂ ਨੂੰ ਖਚਾਖਚ ਭਰੀਆਂ ਨਿੱਜੀ ਬੱਸਾਂ ਦਾ ਸਫ਼ਰ ਕਰਕੇ ਭੁਗਤਣਾ ਪਿਆ ਅਤੇ ਇਸ ਦਾ ਫ਼ਾਇਦਾ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਦੋਵੇਂ ਹੱਥੀਂ ਚੁੱਕਿਆ।
ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਨੌਕਰੀਆਂ ਪੱਕੀਆਂ ਕਰਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਸਰਕਾਰ ਵੱਲੋਂ ਸੰਘਰਸ਼ਕਾਰੀਆਂ ਨਾਲ 16 ਅਤੇ 26 ਅਗਸਤ ਨੂੰ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦੇਣ ਮਗਰੋਂ ਸਰਕਾਰ ਵਾਅਦਿਓਂ ਮੁੱਕਰ ਗਈ। ਉਨ੍ਹਾਂ ਆਖਿਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਪੰਜਾਬ ’ਚ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਟਰਾਂਸਪੋਰਟ ਨੀਤੀ ਬਣਾਉਣ ਦੀ ਗੱਲ ਕਹੀ ਸੀ, ਜਿਸ ਨੂੰ ਹਾਲੇ ਤੱਕ ਬੂਰ ਨਹੀਂ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਠੇਕਾ ਬੱਸ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾਂਦਾ, ਅਣਮਿਥੇ ਸਮੇਂ ਦੀ ਹੜਤਾਲ ਜਾਰੀ ਰੱਖੀ ਜਾਵੇਗੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵੱਲੋਂ ਲਗਾਤਾਰ ਦੂਜੇ ਦਿਨ ਕੀਤੀ ਗਈ ਹੜਤਾਲ ਕਾਰਨ ਅੱਜ ਮਾਲਵਾ ਖੇਤਰ ਵਿੱਚ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਅਤੇ ਮਾਈਆਂ ਨੂੰ ਆਈ, ਜਿਨ੍ਹਾਂ ਲਈ ਪੰਜਾਬ ਸਰਕਾਰ ਸਰਕਾਰੀ ਬੱਸਾਂ ਵਿੱਚ ਬਿਲਕੁਲ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ। ਮਾਲਵਾ ਖੇਤਰ ਵਿੱਚ ਜ਼ਿਆਦਾ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਹਨ ਅਤੇ ਇਸ ਖੇਤਰ ਵਿੱਚ ਮਾਝੇ-ਦੁਆਬੇ ਦੇ ਮੁਕਾਬਲੇ ਪੰਜਾਬ ਰੋਡਵੇਜ਼ ਦੇ ਡਿਪੂ ਘੱਟ ਹਨ। ਬੇਸ਼ੱਕ ਇਸ ਹੜਤਾਲ ਨਾਲ ਨਜਿੱਠਣ ਲਈ ਪਨਬਸ ਅਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਗਿਆ, ਪਰ ਜ਼ਿਆਦਾਤਰ ਬੱਸਾਂ ਦੇ ਨਾ ਚੱਲਣ ਕਾਰਨ ਲੋਕਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਉਧਰ ਜਥੇਬੰਦੀ ਦੇ ਇਕ ਆਗੂ ਕਮਲ ਕੁਮਾਰ ਨੇ ਕਿਹਾ ਕਿ ਜੇਕਰ ਭਲਕੇ ਦੀ ਮੀਟਿੰਗ ’ਚ ਕੋਈ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਲਗਾਤਾਰ ਜਾਰੀ ਰਹੇਗਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਵਿਖੇ ਚਲ ਰਹੀ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਦੂੁਜੇ ’ਚ ਦਾਖ਼ਲ ਹੋ ਗਈ ਹੈ। ਅੱਜ ਦੁਜੇ ਦਿਨ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਨੇ ਅਪਣੇ ਸਾਥੀਆਂ ਸਮੇਤ ਹੜ੍ਹਤਾਲ ’ਚ ਸ਼ਾਮਲ ਹੁੰਦਿਆਂ ਪਨਬੱਸ ਯੂਨੀਅਨ ਨੂੰ ਸਮਰਥਨ ਦਿੱਤਾ।