ਸ਼ਗਨ ਕਟਾਰੀਆ
ਬਠਿੰਡਾ, 15 ਸਤੰਬਰ
ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ ਇੱਥੇ ਚੱਲ ਰਹੀ ਦੋ ਰੋਜ਼ਾ 55ਵੀਂ ਸਲਾਨਾ ਪੇਂਟਿੰਗ ਵਰਕਸ਼ਾਪ ਅੱਜ ਆਪਣੀ ਸਿਖ਼ਰ ਨੂੰ ਛੋਹ ਕੇ ਸਮਾਪਤ ਹੋ ਗਈ। ਦੂਜੇ ਤੇ ਅੰਤਿਮ ਦਿਨ ਇਸ ਕਾਰਜਸ਼ਾਲਾ ’ਚ ਬਤੌਰ ਮੁੱਖ ਮਹਿਮਾਨ ਸ਼ਰੀਕ ਹੋਏ ਇਮਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਸੁਸਾਇਟੀ ਵੱਲੋਂ ਬਠਿੰਡਾ ’ਚ ਆਰਟ ਗੈਲਰੀ ਅਤੇ ਮਿਊਜ਼ੀਅਮ ਬਣਾਉਣ ਲਈ ਕੀਤੀ ਮੰਗ ਦੀ ਖੁੱਲ੍ਹ ਕੇ ਹਾਮੀ ਭਰਦਿਆਂ ਭਰੋਸਾ ਦਿੱਤਾ ਕਿ ਜਲਦੀ ਹੀ ਹਕੀਕੀ ਰੂਪ ’ਚ ਸਭ ਦੇ ਸਨਮੁਖ ਹੋਵੇਗਾ। ਸੁਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ ਨੇ ਮੁੱਖ ਮਹਿਮਾਨ, ਮੈਂਟਰ ਆਰਟਿਸਟ ਕੇ. ਕ੍ਰਿਸ਼ਨ ਕੁੰਦਾਰਾ ਅਤੇ ਪਹੁੰਚੇ ਹੋਏ ਸਮੂਹ ਚਿੱਤਰਕਾਰਾਂ ਦਾ ਰਸਮੀ ਸਵਾਗਤ ਕਰਦਿਆਂ, ਸੁਸਾਇਟੀ ਵੱਲੋਂ ਕਲਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਨਾਲ ਸਿਰਫ ਬਠਿੰਡਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਹੀ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚਿੱਤਰਕਾਰ ਜੁੜੇ ਹੋਏ ਹਨ। ਮੁੱਖ ਮਹਿਮਾਨ ਜਤਿੰਦਰ ਭੱਲਾ ਨੇ ਇਸ ਮੌਕੇ ਲੰਮੇ ਸਮੇਂ ਤੋਂ ਸੁਸਾਇਟੀ ਦੀਆਂ ਅਧੂਰੀਆਂ ਪਈਆਂ ਮੰਗਾਂ ਨੂੰ ਪ੍ਰਵਾਨ ਕੀਤੇ ਜਾਣ ਦਾ ਹੁੰਗਾਰਾ ਭਰਦਿਆਂ ਪ੍ਰਬੰਧਕਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੇ ਵੱਲੋਂ ਸੰਪੂਰਨ ਸਹਿਯੋਗ ਦੇਣ ਲਈ ਬਚਨਵੱਧ ਹਨ। ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਬਠਿੰਡਾ ’ਚ ਸ਼ਹਿਰੀਆਂ ਅਤੇ ਸੈਲਾਨੀਆਂ ਲਈ ਇੱਕ ਆਰਟ ਗੈਲਰੀ, ਆਰਟ ਮਿਊੁਜ਼ੀਅਮ ਅਤੇ ਸੱਭਿਆਚਾਰਕ ਕੇਂਦਰ ਦੀ ਸਥਾਪਨਾ ਲਈ ਸੁਸਾਇਟੀ ਵੱਲੋਂ ਲੰਮੇ ਅਰਸੇ ਤੋਂ ਵੱਖ-ਵੱਖ ਸਰਕਾਰਾਂ ਦੇ ਨੁਮਾਇੰਦਿਆਂ ਕੋਲੋਂ ਮੰਗ ਕੀਤੀ ਜਾਂਦੀ ਰਹੀ ਹੈ ਅਤੇ ਇਹ ਫੈਸਲੇ ਵਿਚਾਰ ਅਧੀਨ ਹੀ ਪਏ ਸਨ।
ਜਵਾਬ ਵਿੱਚ ਸ੍ਰੀ ਭੱਲਾ ਨੇ ਕਿਹਾ ਕਿ ਇੱਥੇ ਅਜਿਹਾ ਸੱਭਿਆਚਾਰਕ ਕੇਂਦਰ ਦੀ ਉਸਾਰੀ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਮਿਊਜ਼ੀਅਮ ਹੋਵੇਗਾ ਅਤੇ ਮਾਲਵਾ ਖੇਤਰ ਦੇ ਚਿੱਤਰਕਾਰਾਂ ਦੀਆਂ ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕਰਨ ਲਈ ਆਰਟ ਗੈਲਰੀ ਵੀ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਕਲਾ ਅਤੇ ਸਾਹਿਤ ਨਾਲ ਸਬੰਧਿਤ ਪ੍ਰੋਗਰਾਮ ਕਰਨ ਲਈ ਇੱਕ ਸੈਮੀਨਾਰ ਹਾਲ ਅਤੇ ਇੱਕ ਓਪਨ ਏਅਰ ਥਿਏਟਰ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਵਿਸ਼ਾਲ ਗਰਾਊਂਡ ਹੋਵੇਗਾ, ਜਿੱਥੇ ਬੈਠ ਕੇ ਚਿੱਤਰਕਾਰ ਤਸਵੀਰਾਂ ਬਣਾ ਸਕਣਗੇ। ਸੈਲਾਨੀਆਂ ਲਈ ਕੈਂਟੀਨ ਅਤੇ ਹੋਰਨਾਂ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸ੍ਰੀ ਭੱਲਾ ਦੇ ਇਸ ਐਲਾਨ ਦਾ ਸੁਸਾਇਟੀ ਦੇ ਪ੍ਰਬੰਧਕਾਂ ਅਤੇ ਚਿੱਤਰਕਾਰਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਉਪਰੰਤ ਸੁਸਾਇਟੀ ਦੇ ਮੈਂਬਰਾਂ ਵੱਲੋਂ ਜਤਿੰਦਰ ਭੱਲਾ ਤੇ ਆਰਟਿਸਟ ਕੇ. ਕ੍ਰਿਸ਼ਨ ਕੁੰਦਾਰਾ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਹੀ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਕਰੀਬ 90 ਚਿੱਤਰਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।