ਮਨੋਜ਼ ਸਰਮਾ
ਬਠਿੰਡਾ, 29 ਅਗਸਤ
ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਸ ਦੇ ਰਿਸ਼ਤੇਦਾਰ ਖ਼ਿਲਾਫ਼ ਮੂੰਹ ਖੋਲ੍ਹਣਾ ਮਹਿੰਗਾ ਪੈ ਗਿਆ ਹੈ। ਅੱਜ ਨਗਰ ਨਿਗਮ ਦੀ ਇੱਕ ਟੀਮ ਨੇ ਅਕਾਲੀ ਆਗੂ ਦੀ ਮਾਲਕੀ ਵਾਲੇ ਜੀਤ ਪੈਲੇਸ ਸਣੇ ਸ਼ਹਿਰ ਦੇ ਤਿੰਨ ਪੈਲੇਸ ਸੀਲ ਕਰ ਦਿੱਤੇ। ਨਿਗਮ ਦੀ ਇਸ ਕਾਰਵਾਈ ‘ਤੇ ਸਰੂਪ ਸਿੰਗਲਾ ਨੇ ਕਿਹਾ ਹੈ ਕਿ ਉਹ ਸ਼ਹਿਰ ‘ਚ ਹੋਣ ਵਾਲੇ ਨਾਜ਼ਾਇਜ਼ ਕਬਜ਼ਿਆਂ ਵਿਰੁਧ ਚੁੱਪ ਨਹੀਂ ਰਹਿਣਗੇ ਤੇ ਵਿੱਤ ਮੰਤਰੀ ਤੇ ਉਸ ਦੇ ਰਿਸ਼ਤੇਦਾਰ ਉਸ ਨੂੰ ਇਸ ਤਰ੍ਹਾਂ ਚੁੱਪ ਨਹੀਂ ਕਰਵਾ ਸਕਣਗੇ।
ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਸਰੂਪ ਸਿੰਗਲਾ ਵਲੋਂ ਜੈਜੀਤ ਸਿੰਘ ਜੌਹਲ ਉੱਪਰ ਸ਼ਹਿਰ ‘ਚ ਨਾਜਾਇਜ਼ ਕਬਜ਼ੇ ਕਰਵਾਉਣ ਸਬੰਧੀ ਲਗਾਏ ਦੋਸ਼ਾਂ ਤੋਂ ਬਾਅਦ ਸ੍ਰੀ ਜੌਹਲ ਨੇ ਵੀ ਮੋੜਵਾ ਬਿਆਨ ਜਾਰੀ ਕਰਦਿਆਂ ਜੀਤ ਪੈਲੇਸ ਦੇ ਨਾਜ਼ਾਇਜ ਹੋਣ ਦਾ ਦਾਅਵਾ ਕੀਤਾ ਸੀ।
ਉਧਰ, ਨਿਗਮ ਦੇ ਕਮਿਸ਼ਨਰ ਬਿਕਰਮ ਸੈਰਗਿੱਲ ਨੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਦਸਤਾਵੇਜ਼ ਨਾ ਹੋਣ ਕਾਰਨ ਇਹ ਪੈਲੇਸ ਸੀਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਲੇਸਾਂ ਦੇ ਪ੍ਰਬੰਧਕਾਂ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਨੋਟਿਸ ਕੱਢੇ ਜਾ ਰਹੇ ਸਨ।
ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ਰੋਡ ’ਤੇ ਸਥਿਤ ਜੀਤ ਪੈਲੇਸ ਕੋਲ ਜ਼ਰੂਰੀ ਦਸਤਾਵੇਜ਼ਾਂ ਨਾ ਹੋਣ ਅਤੇ ਸਣੇ ਮਲੋਟ ਰੋਡ ‘ਤੇ ਸਥਿਤ ਕਿੰਗਫ਼ਿਸਰ ਤੇ ਬੀੜ ਰੋੜ ’ਤੇ ਸਥਿਤ ਸਕਾਈਲਾਰਕ ਮੈਰਿਜ ਪੈਲੇਸ ਨੂੰ ਚਲਾਉਣ ਲਈ ਵੀ ਜ਼ਰੂਰੀ ਦਸਤਾਵੇਜ਼ ਨਾ ਹੋਣ ਕਰ ਕੇ ਸੀਲ ਕੀਤਾ ਗਿਆ ਹੈ।